ਧੌਣ ਝੁਕਾ ਕੇ

bhandohal

Well-known member
ਸੱਚ ਦੇ ਅੱਗੇ ਝੂਠ ਕਦੇ ਨਾ ਅੜਦਾ ਹੈ।

ਜਦ ਵੀ ਅੜਦਾ ਹੈ, ਆਖਰ ਨੂੰ ਝੜਦਾ ਹੈ।

ਅਣਖੀ ਯੋਧੇ ਸੀਸ ਤਲੀ 'ਤੇ ਧਰਦੇ ਨੇ,

ਧੌਣ ਝੁਕਾ ਕੇ ਬੁਜ਼ਦਿਲ ਅੰਦਰ ਵੜਦਾ ਹੈ।

ਤੇਲ ਜਦੋਂ ਤੱਕ ਦੀਵੇ 'ਚੋਂ ਮੁੱਕ ਜਾਵੇ ਨਾ,

ਘੁੱਪ ਹਨੇਰੇ ਨਾਲ ਉਦੋਂ ਤੱਕ ਲੜਦਾ ਹੈ।

ਆਪਣੇ ਦੁੱਖ ਦਾ ਐਨਾ ਦੁੱਖ ਨਾ ਬੰਦੇ, ਨੂੰ

ਦੂਜੇ ਦੇ ਸੁੱਖ ਕਰਕੇ ਜਿੰਨਾ ਸੜਦਾ ਹੈ।

ਗ਼ੈਰਾਂ ਨਾਲ ਕਲੋਲਾਂ ਕਰਦਾ ਥੱਕਦਾ ਨਾ,

ਦਿਲਬਰ ਸਾਡੀ ਵਾਰ ਬਹਾਨੇ ਘੜਦਾ ਹੈ।

ਯਾਰ ਖ਼ੁਦਾ ਹੁੰਦਾ ਹੈ ਸੱਚੇ ਆਸ਼ਕ ਦਾ,

ਨਗ ਦੇ ਵਾਂਗੂੰ ਮੂਰਤ ਮਨ ਵਿਚ ਜੜਦਾ ਹੈ।

ਬੇਸ਼ੱਕ 'ਜ਼ਖ਼ਮੀ' ਖੁਦ ਹੋਇਆ ਬੇਐਬ ਨਹੀਂ,

ਪਰ ਦੂਜੇ ਦੇ ਐਬ ਸਦਾ ਹੀ ਫੜਦਾ ਹੈ।



ਕਰਮ ਸਿੰਘ ਜ਼ਖ਼ਮੀ
 
Top