ਧਾਗਾ ਪਿਆਰ ਦਾ

ਪੀਰ-ਫ਼ਕੀਰਾਂ ਇੱਕ ਪਤੇ ਦੀ ਗੱਲ ਦੱਸੀ
ਧਾਗਾ ਪਿਆਰ ਦਾ ਮੂਲ ਨਾ ਤੋੜੀਏ ਜੀ।
ਜੁੜਦਾ ਨਹੀਂ ਜੇ ਟੁੱਟ ਜੇ ਇੱਕ ਵਾਰੀ
ਫੇਰ ਲੱਖ ਭਾਵੇਂ ਇਸ ਨੂੰ ਜੋੜੀਏ ਜੀ।
ਪੈ ਜਾਂਦੀ ਹੈ ਇਸ ਵਿੱਚ ਗੰਢ ਭਾਰੀ
ਜੇਕਰ ਜੋੜਨਾ ਫੇਰ ਤੋਂ ਲੋੜੀਏ ਜੀ।
ਹੁੰਦੀ ਜਾਂਦੀ ਹੈ ਗੰਢ ਇਹ ਹੋਰ ਮੋਟੀ
ਜਿੰਨਾਂ ਮਰਜੀ ਫਿਰ ਹੋਰ ਮਰੋੜੀਏ ਜੀ।
ਏਸੇ ਲਈ ਤਾਂ ਕਹਿੰਦੇ ਨੇ ਲੋਕ ਸਿਆਣੇ
ਐਵੇਂ ਯਾਰ ਤੋਂ ਮੁੱਖ ਨਾ ਮੋੜੀਏ ਜੀ।
ਗਲਤੀ ਯਾਰ ਦੀ ਨਜ਼ਰ ਅੰਦਾਜ਼ ਕਰੀਏ
ਨਿਗੂਣੀ ਗੱਲ ਤੋਂ ਯਾਰੀ ਨਾ ਤੋੜੀਏ ਜੀ।
ਪਈਏ ਕਦੇ ਨਾ ਵਿੱਚ ਹਿਸਾਬ ‘ਭੁੱਲਰ’
ਦਿਲ ਦੇ ਨਾਲ ਜੇ ਦਿਲ ਨੂੰ ਜੋੜੀਏ ਜੀ।
ਕਿਤੇ ਯਾਰ ਜੇ ਰੁੱਸਕੇ ਦਿਸੇ ਜਾਂਦਾ
ਗੁੱਸਾ ਭੁੱਲ ਕੇ ਓਸਨੂੰ ਮੋੜੀਏ ਜੀ।

ਕਵਿਤਾ : ਗੁਰਬੀਰ ਸਿੰਘ ਭੁੱਲਰ


 
Top