ਦੇਸ ਪੰਜਾਬ ਦੇ ਹਿੱਸੇ ਆਈਆਂ

KARAN

Prime VIP
ਦੇਸ ਪੰਜਾਬ ਦੇ ਹਿੱਸੇ ਆਈਆਂ
ਟੋਭੇ , ਢਾਬ , ਛੱਪੜ , ਦਰਿਆਈਆਂ
ਟਿੱਬੇ , ਜੰਡ , ਕਿੱਕਰ , ਹਰਿਆਈਆਂ
ਖੁੱਲ੍ਹੀਆਂ ਧੁੱਪਾਂ ਤੇ ਪੁਰਵਾਈਆਂ
ਹੱਟੀਆਂ , ਭੱਠੀਆਂ , ਪੱਤੀਆਂ , ਥ੍ਹਾਈਆਂ
ਮਾਸੀਆਂ , ਮਾਸੜ , ਚਾਚੀਆਂ , ਤਾਈਆਂ
ਕੱਚ ਦੀਆਂ ਵੰਗਾਂ , ਨਰਮ ਕਲਾਈਆਂ
ਦਾੜ੍ਹੀਆਂ , ਮੁੱਛਾਂ ਲੈਣ ਲੜਾਈਆਂ ~

ਛਿੰਝਾਂ , 'ਖਾੜੇ , ਘੋਲ-ਘੁਲਾਈਆਂ
ਬਾਜ਼ੀਆਂ ਮੁੱਢ ਤੋਂ ਪੈਂਦੀਆਂ ਆਈਆਂ
ਸੂਈਆਂ , ਤੋਪੇ , ਫੁੱਲ , ਕਢਾਈਆਂ
ਚੁੰਨੀਆਂ ਪੱਗਾਂ ਸੰਗ ਰੰਗਾਈਆਂ
ਸਿੱਠਣੀ , ਛੰਦ , ਘੋੜੀਆਂ ਗਾਈਆਂ
ਟੱਪੇ , ਢੋਲੇ , ਬੋਲੀਆਂ ਪਾਈਆਂ
ਕਰੀਆਂ ਕਿਰਸਾਨਾਂ ਜਦ ਵਾਹੀਆਂ
ਸਜ'ਗੇ ਰੱਕੜ , ਪੂਰਤੀਆਂ ਖਾਈਆਂ
ਕੁਝ ਤਾਂ ਨਾਨਕ ਵਰਗੇ ਰਾਹੀਆਂ
ਬਾਕੀ ਗੋਬਿੰਦ ਸੰਤ-ਸਿਪਾਹੀਆਂ
ਇਹਦੀਆਂ ਉੱਚੋਂ-ਉੱਚ ਕਮਾਈਆਂ~

ਡੁੱਲ੍ਹੀਆਂ ਧਰਤੀ 'ਤੇ ਸ਼ਰਦਾਈਆਂ
ਨਰਮੇ , ਕਣਕਾਂ ਨੇ ਪਰਤਿਆਈਆਂ
ਖਿਚੜੀ , ਕੱਚੇ ਦੁੱਧ , ਮਲਾਈਆਂ
ਗੁੱਲੀਆਂ-ਡੰਡੇ , ਪੂਣ-ਸਲਾਈਆਂ
ਗੜਵੇ , ਛੰਨੇ , ਕੌਲ , ਕੜਾਹੀਆਂ
ਦੇਗਾਂ ਰੱਬ ਦੇ ਘਰੇ ਕਰਾਈਆਂ
ਹੱਸਾਂ , ਹਾਰ , ਹਮੇਲ , ਸਲਾਈਆਂ
ਪੱਤ , ਪਰਾਂਦੇ ਤੇ ਗਜਰਾਈਆਂ
ਲਚਕ ਅਨੋਖੀ , ਧੌਣ-ਸੁਰਾਹੀਆਂ
ਅੱਖੀਆਂ ਧੁਰ ਤੋਂ ਹੀ ਕੱਜਲਾਈਆਂ
ਵੰਝਲੀ , ਢੋਲ, ਛੈਣੇ , ਸ਼ਹਿਨਾਈਆਂ
ਸਾਹਾ , ਕੰਗਣਾ , ਗਾਨਾ , ਮਾਂਈਆਂ~

ਮਘਦੇ ਗਿੱਧੇ , ਪੀਂਘਾਂ ਪਾਈਆਂ
ਜਿੰਦਾਂ ਰੇਤ-ਮਿੱਟੀ ਦੀਆਂ ਜਾਈਆਂ
ਦੇਸ ਪੰਜਾਬ ਦੇ ਹਿੱਸੇ ਆਈਆਂ
ਟੋਭੇ , ਢਾਬ , ਛੱਪੜ , ਦਰਿਆਈਆਂ~
ਟਿੱਬੇ , ਜੰਡ , ਕਿੱਕਰ , ਹਰਿਆਈਆਂ
ਖੁੱਲ੍ਹੀਆਂ ਧੁੱਪਾਂ ਤੇ ਪੁਰਵਾਈਆਂ
ਹੱਟੀਆਂ , ਭੱਠੀਆਂ ,ਪੱਤੀਆਂ , ਥ੍ਹਾਈਆਂ
ਮਾਸੀਆਂ , ਮਾਸੜ , ਚਾਚੀਆਂ , ਤਾਈਆਂ

Harman Jeet
 
Top