ਦੁੱਖਾਂ ਦੇ ਪਹਾੜ ਦਾ ਹੁੰਦਾ ਕੀ ਵਜਣ

ਦੁੱਖਾਂ ਦੇ ਪਹਾੜ ਦਾ ਹੁੰਦਾ ਕੀ ਵਜਣ
ਗਮ ਜਰਾ ਦਿਲ ਉੱਤੇ ਲਾ ਕੇ ਤਾਂ ਵੇਖ

ਬਦਲੇ ਨੇ ਰਾਹ ਨਿਤ ਪੈਰ ਪੈਰ ਉੱਤੇ
ਸਮੇਂ ਦੀਆਂ ਪਰਤਾਂ ਹਟਾ ਕੇ ਤਾਂ ਵੇਖ

ਕੀਤਾ ਕਿਰਦਾਰ ਹੁਣ ਕਾਗਜ਼ ਤੋਂ ਹੌਲਾ
ਦਿਲਾਂ ਵਿਚ ਜਗਾ ਤੂੰ ਬਣਾ ਕੇ ਤਾਂ ਵੇਖ

ਬੁੱਕਲ ਹਨੇਰਿਆਂ ਦੀ ਤਨ ਉੱਤੇ ਰਹੇ
ਦੀਪ ਕਦੇ ਸੋਚਾਂ ‘ਚ ਜਗਾ ਕੇ ਤਾਂ ਵੇਖ

ਦਿਲ ਦੇ ਸਮੁੰਦਰਾਂ ‘ਚ ਮਰ ਗਏ ਸਵਾਲ
ਤਰ ਰਹੇ ਨੈਣੀਂ ਨੀਜ਼ ਲਾ ਕੇ ਤਾਂ ਵੇਖ

ਡੁੱਲ ਜਾਣ ਹਾਸੇ ਜਿਥੇ ਕਿਰਦੇ ਨੇ ਹੰਝੂ
ਪ੍ਰੀਤ ਹੁਣ ਦੁੱਖਾਂ ਸੰਗ ਪਾ ਕੇ ਤਾਂ ਵੇਖ

ਜ਼ੁਲਮਾਂ ਦੇ ਪਰਾਂ ਨਾਲ ਭਰਦਾ ਉਡਾਰੀ
ਮੁਹੱਬਤਾਂ ਦੇ ਗੁਰ ਅਜ਼ਮਾ ਕੇ ਤਾਂ ਵੇਖ

ਰਾਤਾਂ ਦੇ ਸਦਾ ਰਿਹਾ ਭਰਦਾ ਕਲਾਵੇ
ਖੁਸ਼ੀਆਂ ਦਾ ਸੂਰਜ ਉਘਾ ਕੇ ਤਾਂ ਵੇਖ

ਇਸ਼ਕੇ ਦਾ ਖੇਲ ਸਦਾ ਰਿਹਾ ਜਿਸਮਾਨੀ
ਰੂਹ ਨਾਲ ਰੂਹ ਨੂੰ ਮਿਲਾ ਕੇ ਤਾਂ ਵੇਖ

ਕਲਮ ਨੂੰ ਸੋਹਲ ਫਿਰ ਹੋਏਗੀ ਸਲਾਮ
ਸੋਚਾਂ ਵਾਲਾ ਪਰਦਾ ਹਟਾ ਕੇ ਤਾਂ ਵੇਖ

ਆਰ.ਬੀ.ਸੋਹਲ​
 
Top