ਦਿਲਾ ਪਿਆਰ ਨਾ ਕਰੀਂ


ਦਿਲਾ ਪਿਆਰ ਨਾ ਕਰੀਂ ਐਂਵੇ ਲੁੱਟ ਜਾਵੇਂਗਾ
ਏਥੇ ਤਿੜਕੇ ਨੇ ਲੱਖਾਂ ਤੂੰ ਵੀ ਟੁੱਟ ਜਾਵੇਂਗਾ

ਜਿਨਾ ਹੱਸ ਹੱਸ ਅੱਖਾਂ ਰਾਹੀਂ ਤੇਰੇ ਕੋਲ ਆਉਣਾ
ਉਹਨਾਂ ਸੁਣਨੀ ਨਾ ਤੇਰੀ ਰਾਗ ਆਪਣਾ ਹੀ ਗਾਉਣਾ
ਭੁੱਲ ਆਪਣੀ ਤੂੰ ਹੋਰਾਂ ਲਈ ਹੀ ਜੁੱਟ ਜਾਵੇਂਗਾ
ਦਿਲਾ ਪਿਆਰ ਨਾ ਕਰੀਂ ਐਂਵੇ ਲੁੱਟ ਜਾਵੇਂਗਾ

ਦੀਵੇ ਪਿਆਰ ਵਾਲੇ ਖੂਨ ਦੇ ਕੇ ਜਿਨਾ ਲਈ ਜਗਾਉਨੇ
ਉਹਨਾਂ ਜ਼ੁਲਮਾਂ ਦੀ ਹਵਾ ਨਾਲ ਆਪ ਹੀ ਬੁਝਾਉਣੇ
ਤੂੰ ਹਨੇਰਿਆਂ ਦੇ ਆਲਿਆਂ ‘ਚ ਘੁਟ ਜਾਵੇਂਗਾ
ਦਿਲਾ ਪਿਆਰ ਨਾ ਕਰੀਂ ਐਂਵੇ ਲੁੱਟ ਜਾਵੇਂਗਾ

ਬੂਟਾ ਚਾਵਾਂ ਚਾਵਾਂ ਨਾਲ ਤੁਸਾਂ ਇਸ਼ਕ ਦਾ ਲਾਉਣਾ
ਤੁਸੀਂ ਰੱਤ ਨਾਲ ਸਿੰਝੋ ਉਹਨਾ ਪਾਣੀ ਵੀ ਨ੍ਹੀ ਪਾਉਣਾ
ਫੁੱਲ ਮਰ ਜਾਣੇ ਸੂਲਾਂ ਨਾਲ ਫੁੱਟ ਜਾਵੇਂਗਾ
ਦਿਲਾ ਪਿਆਰ ਨਾ ਕਰੀਂ ਐਂਵੇ ਲੁੱਟ ਜਾਵੇਂਗਾ

ਏਥੇ ਅਜਲਾਂ ਤੋਂ ਤੈਨੂੰ ਬਸ ਡੋਬਿਆ ਝਨਾ ਨੇ
ਕਦੇ ਟੰਗ ਦਿੱਤੇ ਤੀਰ ਕਦੇ ਮਾਰਿਆ ਭਰਾ ਨੇ
ਬਣ ਮਛਲੀ ਤੂੰ ਪਾਣੀਆਂ ਤੋਂ ਛੁੱਟ ਜਾਵੇਂਗਾ
ਦਿਲਾ ਪਿਆਰ ਨਾ ਕਰੀਂ ਐਂਵੇ ਲੁੱਟ ਜਾਵੇਂਗਾ
ਏਥੇ ਤਿੜਕੇ ਨੇ ਲਖਾਂ ਤੂੰ ਵੀ ਟੁੱਟ ਜਾਵੇਂਗਾ

ਆਰ.ਬੀ.ਸੋਹਲ
 
Top