ਦਿਲ ਦੇ ਅੰਦਰ ਨੀਝਾਂ ਲੈ ਕੇ

KARAN

Prime VIP
ਦਿਲ ਦੇ ਅੰਦਰ ਨੀਝਾਂ ਲੈ ਕੇ,
ਆਸ-ਉਮੰਗਾਂ-ਰੀਝਾਂ ਲੈ ਕੇ,
ਲਹਿਜ਼ੇ ਖੂਬ ਤਮੀਜਾਂ ਲੈ ਕੇ,
ਤੇਰੀ ਓਟ ਕਮੀਜਾਂ ਲੈ ਕੇ,
ਤੇਰੇ ਲਈ ਪਹਿਰਾਵੇ ਪਹਿਨੇ,
ਪੱਗ-ਦੁਪੱਟੇ ਮਾਵੇ ਪਹਿਨੇ,
ਪਰ ਉਹ ਤੈਨੂੰ ਮੋਹ ਨਾ ਪਾਏ,
ਨਜ਼ਰ ਤੇਰੀ ਵੀ ਛੋਹ ਨਾ ਪਾਏ,
ਧਿਆਨ ਤੇਰੇ ਨੂੰ ਕਿੱਦਾਂ ਫੜੀਏ?
ਤੇਰੇ ਨਜ਼ਰੇ ਕਿੱਦਾਂ ਚੜੀਏ?
ਇਸ ਨੁਕਤੇ ਨੂੰ ਖੋਜਣ ਤੁਰ ਪਈ,
ਵੱਲ ਹਨੇਰੇ ਜੋਗਣ ਤੁਰ ਪਈ,
ਚੋਲੇ ਰੰਗ-ਬਰੰਗੇ ਮਿਲ ਗਏ,
ਰਸਤੇ ਵਿਚ ਕੁਝ ਬੰਦੇ ਮਿਲ ਗਏ,
ਗਲ ਕ੍ਰਿਪਾਨਾਂ, ਗੋਟੇ ਚਾੜ੍ਹੇ,
ਸਭ ਨੇ ਮੰਤਰ ਘੋਟੇ ਚਾੜ੍ਹੇ,
ਹਰ ਕੋਈ ਆਪਣੀ ਬੋਲੀ ਬੋਲੇ,
ਰਾਜ਼ ਤੇਰੇ ਨੂੰ ਕੋਈ ਨਾ ਖੋਲੇ,
ਕੀ ਸੌਫਾ ਕੀ ਪੀੜੀ-ਮੰਜੀ,
ਲੱਭਦੇ ਫਿਰਨ ਦੁਆਨੀ-ਪੰਜੀ,
ਮੈਂ ਆਖਾਂ ਮੇਰੇ ਬੋਝੇ ਖਾਲੀ,
ਉਹ ਆਖਣ ਫਿਰ ਕੋਈ ਨਾ ਵਾਲੀ,
ਏਨਾ ਸੁਣ ਮੈਂ ਵਾਪਸ ਮੁੜ ਗਈ,
ਵਾਪਸ ਮੁੜਿਆਂ ਬਿਰਤੀ ਜੁੜ ਗਈ,
ਇਉਂ ਜਾਪੇ ਕੁਝ ਬੋਲ ਗਿਆ ਕੋਈ,
ਖੜੀ-ਖੜੀ ਨੂੰ ਰੋਲ ਗਿਆ ਕੋਈ,
ਜਦ ਭੀੜਾ ਦਰਵਾਜ਼ਾ ਖੁੱਲਿਆ,
ਪੜਿਆ-ਸੁਣਿਆ ਸਭ ਕੁਝ ਭੁੱਲਿਆ,
ਜਿੰਨਾ ਜ਼ੋਰ ਦਿਮਾਗਾਂ ਲਾਇਆ,
ਕੋਈ ਅੰਦਾਜਾ ਕੰਮ ਨਾ ਆਇਆ,
ਨਾ ਕੋਈ ਦੀਵਾ, ਨਾ ਕੋਈ ਬਾਤੀ,
ਨਾ ਕੋਈ ਸਾਥੀ, ਨਾ ਕੋਈ ਨਾਤੀ,
ਨਾ ਰੌਣਕ ਨਾ ਚੁੱਪ-ਉਜਾੜੇ,
ਨਾ ਚੰਗੇ ਨਾ ਲੱਭੇ ਮਾੜੇ,
ਨਾ ਕਿਧਰੇ ਸੁਣਦੇ ਛਣਕਾਟੇ,
ਨਾ ਹੀ ਲੱਭਣ ਸੁੰਨ-ਸੰਨਾਟੇ,
ਖੌਰੇ ਕੀ ਸ਼ੈਅ ਲੱਭ ਗਈ ਸੀ,
ਆਸੇ-ਪਾਸੇ ਕੁਝ ਵੀ ਨਈਂ ਸੀ............

Baba Beli (ਬਾਬਾ ਬੇਲੀ)
 
Top