ਤੈਨੂੰ ਕਿੰਝ ਸਮਝਾਵਾਂ ਸੱਜਣਾ ਵੇ


ਤੈਨੂੰ ਕਿੰਝ ਸਮਝਾਵਾਂ ਸੱਜਣਾ ਵੇ
ਤੈਥੋਂ ਨਜ਼ਰ ਹਟਾਈ ਨਹੀਂ ਜਾਂਦੀ
ਜੋ ਦਿਲ ਵਿਚ ਵਾਸਾ ਕਰ ਬਹਿੰਦੇ
ਉਹਨੂੰ ਪਿਠ ਵਿਖਾਈ ਨਹੀਂ ਜਾਂਦੀ
ਤੈਨੂੰ ਕਿੰਝ ਸਮਝਾਵਾਂ ਸੱਜਣਾ ਵੇ
ਤੈਥੋਂ ਨਜ਼ਰ ਹਟਾਈ ਨਹੀਂ ਜਾਂਦੀ

ਜੋ ਇਸ਼ਕ ਦੀ ਰਾਹ ਉੱਤੇ ਤੁਰ ਪੈਂਦੇ
ਉਹ ਰੱਬ ਦਾ ਫਜਲ ਮਨਾਉਂਦੇ ਨੇ
ਬੇਲੇ ਜੰਗਲਾਂ ਤੋਂ ਉਹਨਾ ਕੀ ਲੈਣਾ
ਉਹ ਅੰਦਰੋਂ ਹੀ ਯਾਰ ਨੂੰ ਪਾਉਂਦੇ ਨੇ
ਤੇਰੇ ਇਸ਼ਕ ਨੇ ਝੱਲੀ ਕਰ ਦਿੱਤਾ
ਹੋਰ ਸਹੀ ਇਹ ਜੁਦਾਈ ਨਹੀਂ ਜਾਂਦੀ
ਤੈਨੂੰ ਕਿੰਝ ਸਮਝਾਵਾਂ ਸੱਜਣਾ ਵੇ
ਤੈਥੋਂ ਨਜ਼ਰ ਹਟਾਈ ਨਹੀਂ ਜਾਂਦੀ

ਅੱਜ ਦਿਲ ਦੀਆਂ ਰਮਜਾਂ ਪੜ ਲੈ ਤੂੰ
ਵੇ ਤੂੰ ਧੜਕਣ ਬਣ ਕੇ ਵੱਸਦਾ ਏਂ
ਮੇਰੇ ਹੋਠਾਂ ਦੀ ਸੁਰਖ ਸਵੇਰ ਲਈ
ਬਣ ਰਿਸ਼ਮ ਤੂੰ ਕੋਲ ਮੇਰੇ ਹੱਸਦਾ ਏਂ
ਮੇਰੇ ਸਾਹ ਵੀ ਆਮਾਨਤ ਤੇਰੇ ਨੇ
ਪੀੜਾ ਰੂਹ ਦੀ ਵਿਖਾਈ ਨਹੀਂ ਜਾਂਦੀ
ਤੈਨੂੰ ਕਿੰਝ ਸਮਝਾਵਾਂ ਸੱਜਣਾ ਵੇ
ਤੈਥੋਂ ਨਜ਼ਰ ਹਟਾਈ ਨਹੀਂ ਜਾਂਦੀ

ਆਰ.ਬੀ.ਸੋਹਲ​
 
Top