ਤੂੰ ਤੇ ਮੈਂ

ਤੂੰ ਜੇ ਚਲੀ ਗਈ ਬਾਕੀ ਫਿਰ ਕੀ ਰਿਹਾ?
ਫ਼ਰਕ ਕਾਹਦਾ ਜੇ ਜਿਉਂਣਾ ਵੀ ਲਗਦਾ ਮੌਤ ਜਿਹਾ।

ਤੇਰੀ ਮੁਸਕਾਣ ਦੇਖਕੇ ਬਾਗਾਂ ਵਿੱਚ ਬਹਾਰ ਹੱਸਦੀ ਹੈ,
ਹੁਸਨ ਤੇਰਾ ਤੱਕਕੇ ਤਿਤਲੀ ਫ਼ੁੱਲਾਂ ਨੂੰ ਕੁਝ ਦੱਸਦੀ ਹੈ,
ਸੋਚਲੈ ਜੇ ਇਹਨਾਂ ਬੰਦ ਕਲੀਆਂ ਤੋਂ ਦੂਰ ਗਈ
ਖਿੜਨ ਦਾ ਰਹੇਗਾ ਕਲੀਆਂ ਨੂੰ ਫਿਰ ਉਲ੍ਹਾਸ ਕਿਹਾ।

ਤੂੰ ਤਾਂ ਇੱਕੋ ਬਹਾਨਾ ਐ ਮੇਰੇ ਲਈ ਜਿਉਣ ਦਾ
ਗਾ ਲੈਂਦਾ ਤੈਨੂੰ ਦੇਖਕੇ ਸ਼ੌਕ ਨਹੀਂ ਗਾਉਣ ਦਾ,
ਵਿਚਾਰਲੈ ਜੇ ਮੇਰੀਆਂ ਅੱਖਾਂ ਤੋਂ ਪਰੇ ਹੋ ਗਈ
ਪਤਾ ਨਹੀਂ ਲੱਗਣਾ ਮੈਨੂੰ ਨਸ਼ਾ ਚੜ੍ਹਿਆ ਕਿ ਲਿਹਾ।

ਤੂੰ ਜੇ ਚਲੀ ਗਈ ਮੈਨੂੰ ਜਿਉਣ ਨਹੀਂ ਦੇਵੇਗਾ ਜੱਗ।
ਉਹ ਜ਼ਿੰਦਗੀ ਵੀ ਕੈਸੀ ਜੀਹਦੇ ਚਾਰੋਂ ਤਰਫ਼ ਬਲੇ ਅੱਗ।

ਤੂੰ ਉੱਪਰ ਤੱਕ ਲੈਂਦੀ ਤਾਂ ਤਾਰੇ ਜਾਣ ਬੁੱਝਕੇ ਟਿਮਕਦੇ,
ਬੋਲ ਸੁਣਕੇ ਤੇਰੇ ਦਿਵਾਨੇ ਗਾਇਕ ਅੱਖਾਂ ਨਾ ਝਮਕਦੇ,
ਜਾਣਾ ਹੈ ਜਾਈਂ ਸੋਚਕੇ ਵਿਚਾਰੀ ਸੂਰਜਮੁਖੀ ਬੇਘਰ ਹੋਊ
ਜਿਸਦੇ ਪੱਤੇ ਘਾਹ ਸਮਝਕੇ ਚਰ ਜਾਣਗੇ ਜ਼ਾਲਮ ਵੱਗ।

ਕੀ ਤੂੰ ਚਾਹੁੰਨੀਂ ਐਂ ਝੱਲਾ ਬਣਕੇ ਖ਼ੁਦਕਸ਼ੀ ਕਰਲਾਂ?
ਜਾਂ ਫਿਰ ਤੇਰਾ ਨਾਂ ਲੈਕੇ ਸਿਜਦੇ ਵਿੱਚ ਮਰਲਾਂ,
ਆਖਰ ਜਾਣਾ ਹੀ ਕਿਓਂ ਮੇਰੇ ਕੋਲ ਹੀ ਰਹਿਜਾ
ਹਾਇ ਨੀ ਮਹਿਬੂਬ ਜਿੰਦੇ ਹੁਣ ਤਾਂ ਆਖੇ ਲੱਗ।

ਜੇ ਜਾਣਦਾ ਤੇਰਾ ਨਿਸ਼ਚਾ ਐਨਾ ਕਠੋਰ ਮੇਰੇ ਦੋਸਤ।
ਜਿਉਣ ਦਾ ਇਲਾਜ ਦੱਸਜਾ ਕੋਈ ਹੋਰ ਮੇਰੇ ਦੋਸਤ।



ਦੋ ਦੋ ਘੁੱਟ ਕਰਕੇ ਸਾਰੀ ਬੋਤਲ ਖ਼ਤਮ ਹੋ ਜਾਂਦੀ
ਇੱਕ ਇੱਕ ਸ਼ਬਦ ਲਿਖਣ ਨਾਲ ਗ਼ਜ਼ਲ ਪੈਦਾ ਹੋ ਜਾਂਦੀ
ਇਹ ਗ਼ਮ ਕਿਓਂ ਨਹੀਂ ਇੱਕ ਇੱਕ ਜਾਂ ਦੋ ਦੋ ਕਰਕੇ
ਚੁਰਾ ਮੇਰੇ ਮਨੋਂ ਲੈ ਜਾਂਦੇ ਚੋਰ ਮੇਰੇ ਦੋਸਤ।

ਇਸ ਸ਼ਹਿਰ ਨਹੀਂ ਰਹਿਣਾਂ ਤਾਂ ਕਿਤੇ ਦੂਰ ਚਲੀ ਜਾ,
ਇੱਕ ਬੇਨਤੀ ਕਰਾਂ ਮੈਨੂੰ ਵੀ ਨਾਲ ਹੀ ਲੈ ਜਾ,
ਮਤਲਬ ਹੀ ਨਹੀਂ ਨਿੱਕਲਦਾ ਤੇਰੇ ਬਿਨਾਂ ਜਿਉਣ ਤੋਂ
ਨਾ ਸਹਾਰਾ ਹੀ ਪਸੰਦ ਕੋਈ ਹੋਰ ਮੇਰੇ ਦੋਸਤ।


writen by:- kaka gill
 
Top