ਝੜਦੇ ਨਾ ਪੱਤ ਵੇਖ ਤੂੰ ਖਿੜਦੇ ਗੁਲਾਬ ਦੇਖ

BaBBu

Prime VIP
ਝੜਦੇ ਨਾ ਪੱਤ ਵੇਖ ਤੂੰ ਖਿੜਦੇ ਗੁਲਾਬ ਦੇਖ ।
ਦੇ ਗਈ ਹਿਯਾਤ ਮੌਤ ਨੂੰ ਕੈਸਾ ਜਵਾਬ ਦੇਖ ।

ਅੰਦਰੋਂ ਫ਼ਟੀ ਨਾ ਹੋਵੇ ਜਾਂ ਪਹਿਲੋਂ ਈ ਕਿਸੇ ਪੜ੍ਹੀ,
ਜੈਕਟ ਤੇ ਐਵੇਂ ਰੀਝ ਨਾ ਅੰਦਰੋਂ ਕਿਤਾਬ ਦੇਖ ।

ਹੈ ਦਰਦ ਬੇਹਿਸਾਬ ਤੇ ਹਾਲੇ ਬੜੀ ਹੈ ਰਾਤ,
ਕਿੰਨੀ ਕੁ ਰਹਿ ਗਈ ਹੈ ਤੂੰ ਅਪਣੀ ਸ਼ਰਾਬ ਦੇਖ ।

ਸੂਰਜ ਦਾ ਰੰਗ ਖੁਰ ਗਿਆ ਸੰਧਿਆ ਦੀ ਝੀਲ ਵਿੱਚ,
ਦਰਦਾਂ ਦੇ ਮਹਿਕ ਉਠੇ ਨੇ ਏਧਰ ਗੁਲਾਬ ਦੇਖ ।

ਤੋਤਾ, ਕਦੇ ਹੈ ਬਾਘ ਤੇ ਖ਼ਰਗੋਸ਼ ਹੈ ਕਦੇ,
ਇਕ ਆਦਮੀ ਦੇ ਕੋਲ ਨੇ ਕਿੰਨੇ ਨਕਾਬ ਦੇਖ ।

ਕਿੰਨੇ 'ਯਜ਼ੀਦ' ਨੇ ਖੜੇ ਕੰਢਿਆਂ ਦੇ ਇਰਦ ਗਿਰਦ,
ਬਣਕੇ 'ਫ਼ਰਾਤ' ਰਹਿ ਗਏ, ਸਤਲੁਜ ਚਨਾਬ ਦੇਖ ।

'ਨਾਜ਼ਮ' ਤੇ 'ਪਾਬਲੋ' ਦੇ ਅਜ ਗੀਤਾਂ ਤੇ ਬੰਧਸ਼,
'ਜਗਤਾਰ' ਕੈਸਾ ਆ ਗਿਆ ਹੈ ਇਨਕਲਾਬ ਦੇਖ ।
 
Top