ਝੂਠੀ ਦੌੜ

ਚੱਲ ਭੱਜ ਲੈ ਮਨਾਂ ਤੂੰ, ਕਾਤੋਂ ਖੜਾ ਏਂ ਸਥਿਰ,
ਇਹ ਦੁਨੀਆਂ ਤਾਂ ਹੱਦਾਂ ਤੋਂ ਵੀ ਪਾਰ, ਹੋ ਗਈ
ਭੁੱਲ ਜਾ ਨਜਦੀਕੀਆਂ ਤੇ ਸਾਂਝਾਂ ਗੂੜ੍ਹੀਆਂ ਨਾ ਪਾ,
ਜਿੰਦਗੀ 'ਮੈਂ' ਤੇ 'ਉੱਲੂ ਆਪਨੇ' ਤੇ ਬੱਸ ਅਧਾਰ, ਹੋ ਗਈ
ਕਦੇ ਸੱਚੇ ਸੁੱਚੇ ਰੰਗ ਸੀ ਜਿਓਣ ਵਾਲੇ ਢੰਗ ਸੀ,
ਨਾ ਕਿਸੇ ਨੂੰ ਪਛਾਣ, ਵਟਾ ਕੇ ਭੇਸ ਕਈ ਰੰਗਦਾਰ, ਹੋ ਗਈ
ਸਾਡੀਆਂ ਇਜ਼ਤਾਂ ਨੂੰ ਖਾ ਗਿਆ ਦਿਨੋਂ-ਦਿਨ ਨਵਾਂਪਨ,
ਵਿਖਾਵਿਆਂ ਚ' ਰੁਝੀ ਹੋਈ ਲੰਬੀ ਇੱਕ ਕਤਾਰ, ਹੋ ਗਈ
ਸੋਚ ਕੇ ਵੀ ਕੀ ਕਰੇਂਗਾ ਇਨਸਾਨੀਅਤ ਦੇ ਬਾਰੇ,
ਇਮਾਨ ਆਪਨੇ ਚ' ਠੱਗੀ-ਠੋਰੀਆਂ ਦੀ ਵੇ ਭਰਮਾਰ, ਹੋ ਗਈ
ਸੀ ਧਰਮ ਕੋਈ ਚੀਜ਼ ਅਲਫ- ਅੱਲ੍ਹਾ ਤੇ ਤਮੀਜ਼,
ਅਪਮਾਨਿਤ ਹੋ ਕੇ ਰਾਹਾਂ ਚ' ਡਿੱਗੀ ਹੋਈ ਦਸਤਾਰ, ਹੋ ਗਈ
ਨਾ ਸਾਫ਼ ਦਿਲ ਲਭਣਾ ਜੀਹਦੇ ਮੋਹ ਚ' ਹੋਵੇਂ ਲੀਨ,
ਵਿਚਾਰਾਂ ਨਾਲ ਭਰੀ ਪੰਨਿਆਂ ਦੀ ਅਖਬਾਰ, ਹੋ ਗਈ
ਲਾਜ਼ਮੀ-ਕਰਮ, ਖੇਡ-ਕੁੱਦ, ਚਾ-ਖੁਸ਼ੀਆਂ ਸਭ ਭੁੱਲ ਗਏ,
ਗਰੀਬ ਤੰਨ ਤੋਂ ਅਨਜਾਣਿਆਂ ਕੰਮ ਲੈਣ ਵਾਲਾ ਔਜਾਰ, ਹੋ ਗਈ
ਗੁਰਜੰਟ ਤੇਰੇ ਕੱਲ੍ਹੇ ਦੀ ਫਰਿਆਦ ਨਾਲ ਕੀ ਮੋੜ੍ਹ ਵੇ ਦੱਸ ਪੈਣਾਂ,
ਜਦੋਂ ਸਾਰੀ ਦੁਨੀਆਂ ਹੀ ਕਲਯੁਗ ਦਾ ਅਧਿਕਾਰ, ਹੋ ਗਈ !
 
Top