ਜੋ ਸਾਡੇ ਤੇ ਇਤਬਾਰ ਕਰਨ

ਸਾਡੇ ਉੱਤੇ ਬੰਦਸ਼ਾਂ ਲੱਗੀਆਂ, ਨਵੇਂ ਬਸੇਰੇ ਲੱਭਾਗੇਂ
ਬਿਨ ਫਿਕਰਾਂ ਦੀਆਂ ਰਾਤਾਂ, ਮਹਿਕਦੇ ਸਵੇਰੇ ਲੱਭਾਗੇਂ!

ਘਰ ਬਾਰ ਤੇ ਪਿੰਡ ਅਸਾਂ ਦਾ ਬੜੀ ਦੂਰ ਰਹਿ ਗਿਆ
ਅਸੀਂ ਪਰਦੇਸੀ ਪੰਛੀਆਂ ਵਰਗੇ, ਨਵੇਂ ਬਨੇਰੇ ਲੱਭਾਗੇਂ!

ਹਾਕਮ ਦੀ ਮਰਜ਼ੀ ਬਿਨ ਸਾਹ ਵੀ ਨਹੀਂ ਲੈ ਸਕਦੇ
ਜੋ ਸਾਡੇ ਤੇ ਇਤਬਾਰ ਕਰਨ, ਕੁਝ ਚਿਹਰੇ ਲੱਭਾਗੇਂ!

ਹਰ ਹੱਦ ਯਾਦ ਏ ਸਾਨੂੰ, ਤੂੰ ਦੇਖੀਂ ਵਾਪਸ ਆਵਾਗੇਂ
ਵਕਤ ਨੇ ਜੋ ਖੋਹ ਲਏ ਸਾਥੋਂ, ਉਹ ਜ਼ੇਰੇ ਲੱਭਾਗੇਂ!

ਇਹ ਵਹਿਮ ਏ ਤੇਰਾ ਕਿ ਭੁੱਲ ਗਏ ਤੇਰੇ ਜੁਲਮਾਂ ਨੂੰ
ਅਸੀ ਮੌਤ ਵਿਆਹੁਣੀ ਏ, ਸੰਧੂ ਹੁਣ ਸਿਹਰੇ ਲੱਭਾਗੇਂ!
ਜੁਗਰਾਜ ਸਿੰਘ
 
Top