ਜੀਉਂਦੇ ਭਗਵਾਨ

ਜੀਉਂਦੇ ਭਗਵਾਨ
ਓ ਦੁਨੀਆਂ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ
ਦੇਸ਼ ਦੀ ਖ਼ਾਤਰ ਵਾਰ ਗਏ ਜੋ, ਪਿਆਰੀਆਂ ਪਿਆਰੀਆਂ ਜਾਨਾਂ ਨੂੰ।

ਸਰੂਆਂ ਵਰਗੇ, ਸੋਨੇ ਵਰਗੇ, ਹੀਰੇ ਪੁੱਤਰ ਮਾਵਾਂ ਦੇ
ਚਾ ਜਿਨ੍ਹਾਂ ਨੂੰ ਮਿਲਣ ਵਾਸਤੇ, ਰੋਂਦੇ ਭੈਣ ਭਰਾਵਾਂ ਦੇ
ਬੁੱਢੇ ਬਾਪੂ ਖੜੇ ਉਡੀਕਣ, ਗੱਭਰੂ ਪੁੱਤ ਜਵਾਨਾਂ ਨੂੰ
ਓ ਦੁਨੀਆਂ ਦੇ .....

ਕਦੀ ਨਾਰਾਂ ਦੇ ਫੁੱਲਾਂ ਵਰਗੇ, ਹਾਲੇ ਰੂਪ ਨਰੋਏ ਨੇ
ਸ਼ਗਨਾਂ ਦੇ ਹੱਥਾਂ ਵਿਚ ਗਾਨੇ, ਚਾ ਨਾ ਪੂਰੇ ਹੋਏ ਨੇ
ਦਿਲ ਦੇ ਵਿਚ ਲਕੋਈ ਬੈਠੀਆ, ਲੱਖਾਂ ਹੀ ਅਰਮਾਨਾਂ ਨੂੰ
ਓ ਦੁਨੀਆਂ ਦੇ .....

ਕੀਹਨੂੰ ਨਹੀਂ ਜੀਵਨ ਦੀਆਂ ਲੋੜਾਂ, ਹਰ ਕੋਈ ਜਿਊਣਾ ਚਾਹੁੰਦਾ ਏ
ਤਰਾਂ ਤਰਾਂ ਦੇ ਇਸ ਜੀਵਨ ਲਈ, ਬੰਦਾ ਜਾਲ ਵਿਛਾਉਂਦਾ ਏ
ਜੀਉਣਾ ਉਸ ਬੰਦੇ ਦਾ ਜੀਉਣਾ, ਰੋਕੇ ਜੋ ਤੂਫਾਨਾਂ ਨੂੰ
ਓ ਦੁਨੀਆਂ ਦੇ .....

ਸ਼ੇਰਾਂ ਦੀ ਛਾਤੀ ਤੇ ਬਹਿਕੇ, ਮੌਤ ਜਿਨ੍ਹਾਂ ਨੇ ਮੰਗੀ ਏ
ਖ਼ੂਨ ਦੀਆਂ ਨਦੀਆਂ ਵਿਚ ਡੁੱਬਕੇ, ਗੋਰੀ ਚਮੜੀ ਰੰਗੀ ਏ
ਨਵੀਂ ਦੇਸ਼ ਤੇ ਰੰਗਣ ਚਾੜ੍ਹੀ, ਪੂਜੋ ਉਨ੍ਹਾਂ ਭਗਵਾਨਾਂ ਨੂੰ
ਓ ਦੁਨੀਆਂ ਦੇ .....

ਜੀਉਣਾ ਹੁੰਦਾ ਓਸ ਮਰਦ ਦਾ, ਕਿਸੇ ਲਈ ਜੋ ਮਰਦਾ ਏ
ਆਪਣੇ ਦੇਸ਼ ਕੌਮ ਦੀ ਖ਼ਾਤਰ, ਜੀਵਨ ਅਰਪਨ ਕਰਦਾ ਏ
'ਨੂਰਪੁਰੀ' ਬੰਦ ਕਰਦੇ ਬੀਬਾ, ਝੂਠੀਆਂ ਹੋਰ ਦੁਕਾਨਾਂ ਨੂੰ
ਓ ਦੁਨੀਆਂ ਦੇ ....


 
Top