ਜਿਥੇ ਵੀ ਲਹੂ ਡੁੱਲਦਾ ਹੈ

  • Thread starter userid97899
  • Start date
  • Replies 1
  • Views 510
U

userid97899

Guest
ਜਦ ਵੀ ਜਿਥੇ ਵੀ ਲਹੂ ਡੁੱਲਦਾ ਹੈ
ਮੇਰਾ ਅੰਦਰ ਹਮੇਸ਼ਾਂ ਹਿੱਲਦਾ ਹੈ
ਕੀ ਜਾਣਾ 'ਕਸੂਰ' ਕਿਸਦਾ ਹੈ
ਸੋਚ ਦਾ ਹੈ, ਜਾਂ ਮੇਰੇ ਦਿਲ ਦਾ ਹੈ

'ਜੰਗ ਵਿਚ ਸਭ ਜਾਇਜ਼ ਹੈ'
ਉਹ ਕਹਿੰਦੇ ਨੇ
ਸਾਡੇ ਵਿਹੜੇ ਵੀ
ਦਰਿਆ ਲਹੂ ਦੇ ਵਹਿੰਦੇ ਨੇ
ਜਦ ਵੀ ਕੋਈ ਮੁਕਾਬਲਾ ਹੁੰਦੈ
'ਇੰਤਹਾਪਸੰਦ' ਜਦ ਵੀ ਮਾਰੇ ਜਾਂਦੇ ਨੇ
ਨਵੇਂ ਕਰਜ਼ੇ ਸਿਰਾਂ 'ਤੇ ਚੜ੍ਹਦੇ ਨੇ
ਫਿਰ ਕਰਜ਼ੇ ਉਤਾਰੇ ਜਾਂਦੇ ਨੇ
ਹੰਝੂਆਂ, ਆਹਾਂ ਤੇ ਕੁਰਲਾਟਾਂ ਦਾ
ਇੱਕ ਸਿਲਾਸਿਲਾ ਚਿਰਾਂ ਤੋਂ ਜਾਰੀ ਹੈ
ਜੰਗ ਤੁਸਾਂ ਦਾਅਵਿਆਂ ਬਾਅਦ ਜਿੱਤੀ ਨਹੀਂ
ਅਸੀਂ ਵੀ ਜੰਗ ਕਦ ਕੋਈ ਹਾਰੀ ਹੈ
ਅੱਜ ਜੇ ਤੁਸਾਂ ਆਪਣੀ ਫਤਿਹ ਸਮਝੀ ਹੈ
ਕਲ ਯਕੀਨਨ ਸਾਡੀ ਵਾਰੀ ਹੈ
ਮਾਣ ਤਾਕਤ ਦਾ ਤੁਹਾਨੂੰ ਰੱਜ ਕੇ ਹੈ
ਹੌਂਸਲਾ ਸਾਡਾ ਵੀ ਤਾਂ ਭਾਰੀ ਹੈ

ਲੇਬਲ ਦਰਿੰਦਗੀ ਦਾ
ਸਾਡੇ ਮੱਥੇ ਚਿਪਕਾ ਕੇ
ਵਹਿਸ਼ੀਪੁਣੇ ਦਾ ਇਲਜ਼ਾਮ
ਸਾਡੇ ਸਿਰ ਲਾ ਕੇ
ਰੇਡੀਓ, ਟੀ. ਵੀ. ਤੇ ਅਖਬਾਰਾਂ ਰਾਹੀਂ
ਉਚੀ ਉੱਚੀ ਦੁਹਾਈ ਪਾਉਂਦੇ ਹੋ
ਆਪਣੇ ਵਸੀਲਿਆਂ ਦੀ ਤਾਕਤ ਨਾਲ
ਸਾਨੂੰ ਜੱਗ ਨਜ਼ਰ ਵਿਚ ਗਿਰਾਣਾ ਚਾਹੁੰਦੇ ਹੋ
'ਬੰਦ', ਹੜਤਾਲ ਕਰ ਬਿਆਨ ਦੇ ਕੇ
ਬਸ ਇੰਝ ਸਰਖਰੂ ਹੋ ਜਾਂਦੇ ਹੋ
ਲਹੂ ਨੂੰ ਵੋਟਾਂ ਦਾ ਰੂਪ ਦੇਣ ਲਈ
ਏਕਤਾ ਏਕਤਾ ਕਰਲਾਉਂਦੇ ਹੋ
ਕਦੇ ਤਾਂ ਇਸ ਤਰਾਂ ਵੀ ਸੋਚ ਵੇਖੋ
ਕੀ ਖੱਟਦੇ ਹੋ, ਕੀ ਕਮਾਉਂਦੇ ਹੋ ?

ਕੌਣ ਹਨ ਇਹ 'ਦਰਿੰਦੇ'
ਇਹ ਵਹਿਸ਼ੀ ਕੌਣ ਹਨ
ਚਾਰ ਪੈਰਾਂ ਵਾਲੇ ਨਹੀਂ
ਤੁਹਾਡੇ ਵਾਂਗ ਹੀ ਦੋ ਪੈਰੇ ਹਨ
ਨਹੂੰ ਵੀ ਲੰਬੇ ਨਹੀਂ ਇਹਨਾਂ ਦੇ
ਮੂੰਹ 'ਤੇ ਦਿਸਦਾ ਇਹਨਾਂ ਦੇ ਲਹੂ ਨਹੀਂ
ਦੇਖਣ ਦੇ ਵਿਚ ਲੱਗਦੇ ਨਹੀਂ ਵੱਖਰੇ ਕੋਈ
ਬਦਨ ਦੇ ਵੀ ਇਹ ਇਕਹਿਰੇ ਹਨ
ਇਹ ਕੀ ਭਾਲਦੇ ਨੇ, ਕੀ ਚਾਹੁੰਦੇ ਨੇ
ਮਰਦੇ ਮਾਰਦੇ, ਲੜ੍ਹਦੇ ਕਿਉਂ ਨੇ ?
ਮੌਤ ਦੇ ਚਾਅ ਵਿਚ ਗੋਲੀਆਂ ਸਾਹਵੇਂ
ਹੱਸਦੇ ਹੱਸਦੇ ਖੜ੍ਹਦੇ ਕਿਉਂ ਨੇ ?

ਜਿਸ ਦਿਨ ਤੁਸੀਂ ਇਹ ਸੋਚੋਗੇ
ਮਹਿਸੂਸ ਕਰੋਗੇ
ਉਸ ਦਿਨ ਅਮਨ ਦੀ ਕੰਧ ਦੀ
ਬੁਨਿਆਦ ਧਰੋਗੇ
ਬੁਝੇਗੀ ਅੱਗ
ਲਹੂ ਦਾ ਵਹਿਣ ਵੀ ਰੁੱਕ ਜਾਏਗਾ
ਨਾ ਫਿਰ ਕੋਈ ਚੀਕ ਉਠੇਗੀ
ਨਾ ਕੋਈ ਕੁਰਲਾਏਗਾ
ਤੁਸੀਂ ਆਪਣੇ ਘਰ ਖੁਸ਼ ਰਹੋ
ਸਾਨੂੰ ਆਪਣੇ ਰਹਿਣ ਦਿਓ
ਤੁਹਾਡੇ ਹੱਥ ਹੈ
ਰੋਕੋ ਲਹੂ ਜਾਂ ਵਹਿਣ ਦਿਓ

ਜਦ ਵੀ ਜਿਥੇ ਵੀ ਲਹੂ ਡੁੱਲਦਾ ਹੈ
ਮੇਰਾ ਅੰਦਰ ਹਮੇਸ਼ਾਂ ਹਿੱਲਦਾ ਹੈ
ਕੀ ਜਾਣਾ 'ਕਸੂਰ' ਕਿਸਦਾ ਹੈ
ਸੋਚ ਦਾ ਹੈ, ਜਾਂ ਮੇਰੇ ਦਿਲ ਦਾ ਹੈ


ਗਜਿੰਦਰ ਸਿੰਘ, ਦਲ ਖਾਲਸਾ
 
Top