ਖੰਡਰ

ਲੰਮੇ ਸਮੇਂ ਬਾਦ ਇਕ ਪਲ,ਆਪਣੇ ਹੀ ਨਾਮ ਕੀਤਾ,
ਮੈਂ ਉਹੀ ਹਾਂ ਹਾਲੇ ਵੀ, ਝੂਠਾ ਖ਼ੁਦ ਨੂੰ ਪੈਗ਼ਾਮ ਦਿੱਤਾ,
ਉਠ ਗਏ ਨੇ ਯਾਰ ਸਾਰੇ, ਦਿਲ ਦੀ ਸੱਥ ਵਿਚੋਂ,
ਇਸ ਢੰਹਿਦੇ ਦਿਲ ਨੇ ਖ਼ੁਦ ਨੂੰ , ਖੰਡਰ ਦਾ ਨਾਮ ਦਿੱਤਾ |

ਮੇਰੇ ਹਾਸਿਆਂ ਦੇ ਸ਼ੋਰ ਨੂੰ, ਖਾਮੋਸ਼ ਹਾਲਾਤ ਕਰ ਗਏ,
ਵੇਖ ਹਕੀਕਤਾਂ ਦਾ ਕੋਰਾਪਨ, ਤਪਦੇ ਹੰਝੂ ਵੀ ਠਰ ਗਏ,
ਹੋਸ਼ ਸੱਚ ਦੀ ਤੋਂ ਮੁਕਰਨ ਨੂੰ, ਜਦ ਝੂਠਾਂ ਦਾ ਜ਼ਾਮ ਪੀਤਾ,
ਇਸ ਢੰਹਿਦੇ ਦਿਲ ਨੇ ਖ਼ੁਦ ਨੂੰ , ਖੰਡਰ ਦਾ ਨਾਮ ਦਿੱਤਾ |

ਸਰਹੱਦਾਂ ਦੀਆਂ ਤਾਰਾਂ ਨੇ, ਆਜ਼ਾਦ ਪੰਛੀ ਫੜ ਲਿਆ,
ਖੋਖਲੇ ਸਮਾਜ਼ੀ ਜਲਾਦਾਂ ਨੇ, ਰਸਮੀ ਸ਼ਮਸ਼ੀਰ ਹੇਠ ਧਰ ਲੀਆ,
ਜ਼ਮੀਰ ਮੇਰਾ ਵਿੱਚ ਮਹਿਫ਼ਲਾਂ, ਰਲ ਫੇਰ ਕਤਲੇਆਮ ਕੀਤਾ,
ਇਸ ਢੰਹਿਦੇ ਦਿਲ ਨੇ ਖ਼ੁਦ ਨੂੰ , ਖੰਡਰ ਦਾ ਨਾਮ ਦਿੱਤਾ |

ਰੰਗ ਗਿਆ ਰੰਗ ਬੇਈਮਾਨੀ, ਖ਼ੁਦ ਨੂੰ ਰੰਗੀਨ ਕਰ ਲਿਆ,
ਲੈ ਰਿਸ਼ਵਤਾਂ ਦੇ ਕਾਗਜ਼, ਨਸੀਬ ਆਹਾਂ ਨਾਲ ਭਰ ਲਿਆ,
ਇਸ ਸਚਾਈ ਤੋਂ ਮੁਕਰੇ ਕਾਫ਼ਰ ਨੂੰ, ਫਿਰ ਮੁਸਲਮਾਨ * ਦਾ ਨਾਮ ਦਿੱਤਾ,
ਇਸ ਢੰਹਿਦੇ ਦਿਲ ਨੇ ਖ਼ੁਦ ਨੂੰ , ਖੰਡਰ ਦਾ ਨਾਮ ਦਿੱਤਾ |

ਅੱਖ ਰੋਈ ਕੋਈ ਗ਼ੈਰ, ਮੇਰੇ ਲਈ ਪਾਣੀ ਕੁੱਝ ਵਰ ਗਿਆ,
ਕੋਈ ਬਾਪ ਪੁੱਤ ਲਈ ਰੋਇਆ, ਮੇਰੇ ਲਈ ਤਮਾਸ਼ਾ ਕਰ ਗਿਆ,
ਮੈਂ ਪੱਥਰ ਦਾ ਬੁੱਤ ਹੋਇਆ, ਸਭ ਨੇ ਇਨਸਾਨ ਦਾ ਨਾਮ ਦਿੱਤਾ,
ਇਸ ਢੰਹਿਦੇ ਦਿਲ ਨੇ ਖ਼ੁਦ ਨੂੰ , ਖੰਡਰ ਦਾ ਨਾਮ ਦਿੱਤਾ |
 
Top