ਖਾਹਸ਼ ਉਸਦੇ ਚਾਹਣ ਦੀ

ਗਜ਼ਲ
ਫੁੱਲ ਉਸਦੇ ਕਦਮਾਂ ਤੇ , ਰੋਜ ਮੈਂ ਧਰਿਆ ਕਰਾਂ i
ਖਾਹਸ਼ ਉਸਦੇ ਚਾਹਣ ਦੀ, ਇਸ ਤਰਾਂ ਹਰਿਆ ਕਰਾਂ i

ਪਹੁੰਚ ਕੇ ਦਹਿਲੀਜ ਤੋਂ, ਮੁੜ ਨਾ ਜਾਵੇ ਉਹ ਕਦੇ,
ਮੈਂ ਉਡੀਕਾਂ ਦੀ ਬੜੀ , ਇੰਤਹਾ ਕਰਿਆ ਕਰਾਂ i

ਜਿਗਰ ਦੇ ਰੱਤ ਤੋਂ ਕਦੇ, ਉਹ ਪਿਆਸਾ ਨਾ ਰਹੇ,
ਤ੍ਰੇਹ ਬੁਝਾਵਣ ਦੇ ਲਈ ,ਮੈਂ ਸਦਾ ਮਰਿਆ ਕਰਾਂ i

ਜ਼ਖਮ ਤਾਜੇ ਕਰ ਕੇ ਉਹ, ਜੀਣ ਜੋਗਾ ਕਰ ਗਏ,
ਸਿਤਮ ਉਹਦੇ ਦਿਲ ਤੇ ਮੈਂ,ਹੱਸ ਕੇ ਹੀ ਜ਼ਰਿਆ ਕਰਾਂ i

ਮੈਂ ਸਮੁੰਦਰ ਤੋਂ ਸਦਾ , ਦੂਰ ਹੋ ਕੇ ਰਹਿ ਗਿਆ,
ਉਂਝ ਦਰਿਆ ਪੀੜ ਦੇ , ਮੈਂ ਸਦਾ ਤਰਿਆ ਕਰਾਂ i

ਕਬਰ ਹੀ ਪੁੱਟਦੇ ਰਹੇ, ਉਹ ਸਦਾ ਮੇਰੇ ਲਈ,
ਪਰ ਮੈਂ ਟੋਏ ਉਸ ਲਈ , ਰਾਹ ਤੇ ਭਰਿਆ ਕਰਾਂ i

ਔੜ ਬਣਕੇ ਉਹ ਬੜੇ , ਵਾਰ ਕਰਦੇ ਚਮਨ ਤੇ,
ਪਰ ਮੈਂ ਗੁਲਸ਼ਨ ਵਾਸਤੇ ,ਸਾਉਣ ਬਣ ਵ੍ਹਰਿਆ ਕਰਾਂ i

ਲਭ ਲਈ ਹਰ ਇਕ ਖੁਸ਼ੀ, ਮੈਂ ਗਮਾਂ ਨੂੰ ਪਾਲ ਕੇ,
ਰੁੱਸ ਨਾ ਜਾਵਣ ਗਮ ਕਦੇ,ਇਸ ਤੋਂ ਮੈਂ ਡਰਿਆ ਕਰਾਂ i
ਆਰ.ਬੀ.ਸੋਹਲ 9696898840
 
Top