ਖ਼ੂਬ ਨੇ ਇਹ ਝਾਂਜਰਾਂ ਛਣਕਣ ਲਈ

KARAN

Prime VIP
ਖ਼ੂਬ ਨੇ ਇਹ ਝਾਂਜਰਾਂ ਛਣਕਣ ਲਈ ,
ਪਰ ਕੋਈ ਚਾਅ ਵੀ ਤਾਂ ਦੇ ਨੱਚਣ ਲਈ |

ਆਏ ਸਭ ਲਿਸ਼ਕਣ ਅਤੇ ਗਰਜਣ ਲਈ ,
ਕੋਈ ਏਥੇ ਆਇਆ ਨਾ ਬਰਸਣ ਲਈ |

ਨੰਗੀਆਂ ਸ਼ਾਖਾਂ ਨੂੰ ਮੇਰੇ ਮਾਲਕਾ ,
ਦੇ ਦੇ ਦੋ ਤਿੰਨ ਪੱਤੀਆਂ ਪਹਿਨਣ ਲਈ |

ਕੀ ਹੈ ਤੇਰਾ ਸ਼ਹਿਰ ਏਥੇ ਫੁੱਲ ਵੀ ,
ਮੰਗਦੇ ਨੇ ਆਗਿਆ ਮਹਿਕਣ ਲਈ |

ਅੰਬ ਦੇ ਪੱਤੇ ਤੇ ਨਾ ਫ਼ਾਨੂਸ ਹੀ ,
ਸਿਰ ਤੇ ਬਸ ਇਕ ਤੇਗ ਹੈ ਲਟਕਣ ਲਈ |

ਚੰਦ ਨਾ ਸੂਰਜ ਨਾ ਤਾਰੇ ਨਾ ਚਿਰਾਗ਼ ,
ਸਿਰਫ਼ ਖ਼ੰਜਰ ਰਹਿ ਗਿਆ ਲਿਸ਼ਕਣ ਲਈ |

ਕਿਉਂ ਜਗਾਵਾਂ ਸੁੱਤਿਆਂ ਲਫ਼ਜਾਂ ਨੂੰ ਮੈਂ ,
ਦਿਲ ਚ ਹੀ ਜਦ ਕੁਝ ਨਹੀਂ ਆਖਣ ਲਈ |

ਤੇਰਾ ਇਕ ਹੰਝੂ ਹੀ ਯਾਰਾ ਬਹੁਤ ਹੈ ,
ਮੇਰੇ ਦਿਲ ਦਰਿਆ ਦੇ ਭਰ ਉਛਲਣ ਲਈ |

ਰੁੱਸ ਕੇ ਜਾਂਦੇ ਸੱਜਣ ਦੀ ਸ਼ਾਨ ਵੱਲ ,
ਅੱਖੀਉਂ , ਦਿਲ ਚਾਹੀਦਾ ਦੇਖਣ ਲਈ |

ਸਾਂਭ ਕੇ ਰੱਖ ਦਰਦ ਦੀ ਇਸ ਲਾਟ ਨੂੰ ,
ਚੇਤਿਆਂ ਵਿਚ ਯਾਰ ਨੂੰ ਦੇਖਣ ਲਈ |

ਹਾਸਿਆਂ ਪਿੱਛੇ ਲੁਕੇ ਰਹਿਣਾ ਤੁਸੀਂ ,
ਹੰਝੂਓ , ਉਸਦੇ ਸਿਤਮ ਦੇਖਣ ਲਈ |

ਹੋਸ਼ ਕਰ ਕੁਝ ਮੇਰੇ ਦਿਲ ਦੀਏ ਅਗਨੀਏ ,
ਜੁਗਨੂੰਆਂ ਪਿੱਛੇ ਫਿਰੇਂ ਚਾਨਣ ਲਈ |

ਬਰਸ ਕੇ ਬਾਹਰ ਮੈਂ ਘਰ ਨੂੰ ਜਾ ਰਿਹਾ ,
ਇਕ ਡਿਗਦੀ ਛੱਤ ਨੂੰ ਥੰਮਣ ਲਈ |

ਤਾਰਿਆਂ ਤੋਂ ਰੇਤ ਵੀ ਬਣਿਆਂ ਹਾਂ ਮੈਂ ,
ਤੈਨੂੰ ਹਰ ਇਕ ਕੋਣ ਤੋਂ ਦੇਖਣ ਲਈ |

ਉਸਦੀ ਅੱਗ ਵਿਚ ਸੁਲਗਣਾ ਸੀ ਲਾਜ਼ਮੀ ,
ਓਸ ਨੂੰ ਪੂਰੀ ਤਰ੍ਹਾਂ ਸਮਝਣ ਲਈ |

ਪੌਣ ਟੋਲੇ ਹੋਂਦ ਆਪਣੀ ਦਾ ਸਬੂਤ ,
ਬਣਿਆ ਰਹਿ ਪੱਤਿਆਂ ਜਿਹਾ ਕੰਬਣ ਲਈ |

ਮੈਨੂੰ ਕੱਲੇ ਨੂੰ ਕਿਤੇ ਟਰਕਣ ਲਈ ,
ਭਟਕਦੇ ਨਗ਼ਮੇ ਲਿਖੇ ਜਾਵਣ ਲਈ |

ਆਂਦਰਾਂ ਨੂੰ ਕੱਸ ਦੇ ਤਾਰਾਂ ਦੇ ਵਾਂਗ ,
ਸੱਖਣਾਪਨ ਬਖ਼ਸ਼ ਦੇ ਗੂੰਜਣ ਲਈ |

ਮੈਨੂੰ ਸਾਜ਼ ਆਪਣਾ ਬਣਾ ਲੈ ਜ਼ਿੰਦਗੀ ,
ਏਹੋ ਇਕ ਇਨਾਮ ਦੇ ਤੜਪਣ ਲਈ |

ਵਿਛੜਣਾ ਚਾਹੁੰਦਾ ਹਾਂ ਮੈਂ ਤੇਰੇ ਤੋਂ ਹੁਣ ,
ਅਰਥ ਆਪਣੀ ਹੋਂਦ ਦੇ ਜਾਣਨ ਲਈ |

ਖੋਲ੍ਹਣਾ ਚਾਹੁੰਦਾ ਹਾਂ ਦਿਲ ਵਿਛੜਣ ਸਮੇਂ ,
ਇਕ ਸਮੁੰਦਰ ਚਾਹੀਦਾ ਅਸਤਣ ਲਈ |

surjit patar
 
Top