ਖਤ ਤੇਰਾ ਮੈਨੂੰ ਮਿਲਿਆ ਅੱਖਰ ਬੜੇ ਬਰੀਕ ਨੇ

ਖਤ ਤੇਰਾ ਮੈਨੂੰ ਮਿਲਿਆ ਅੱਖਰ ਬੜੇ ਬਰੀਕ ਨੀ।
ਡਾਕੀਏ ਦੇ ਹੱਥੀਂ ਫਟਿਆ ਬੜੀ ਪੁਰਾਣੀ ਤਰੀਕ ਨੀ।

ਪੜ੍ਹਨਾਂ ਤਾਂ ਜਾਣਦਾ ਹਾਂ ਪਰ ਨਿਗ੍ਹਾ ਟਿਕਦੀ ਨਹੀਂ
ਤੇਰੀ ਸ਼ਾਦੀ ਦੇ ਸੱਦੇ ਉੱਤੇ ਅੱਖ ਰੁਕਦੀ ਨਹੀਂ
ਦੇਖਕੇ ਮੇਰੇ ਅੱਖੀਂ ਹੰਝੂ ਹੱਸਦੇ ਪਏ ਸ਼ਰੀਕ ਨੀ।

ਘਰ ਤੇਰੇ ਦੀ ਦੇਹਲੀ ਟੱਪਣੋਂ ਕਦਮਾਂ ਇਨਕਾਰ ਕੀਤਾ
ਵਾਜੇ ਵਾਲਿਆਂ ਦੀਆਂ ਤਰਜਾਂ ਦਿਲ ਮੇਰਾ ਬਿਮਾਰ ਕੀਤਾ
ਲੋਕਾਂ ਪੈਰੀਂ ਰੋਲਿਆ ਮੇਰਾ ਤੁਹਫਾ ਨਾ ਉਡੀਕ ਨੀ।

ਮੈਂ ਲੁਕਕੇ ਦੇਖਦਾ ਰਿਹਾ ਹੁੰਦੇ ਰਹੇ ਤੇਰੇ ਫੇਰੇ
ਤੇਰੀ ਦੁਨੀਆਂ ਰੋਸ਼ਨ ਹੋਈ ਮੱਸਿਆ ਹੋਈ ਘਰ ਮੇਰੇ
ਜਾਂਞੀ ਤੈਨੂੰ ਲੈ ਗਏ ਗੂੰਜੀ ਨਹੀਂ ਹੋਈ ਕੋਈ ਚੀਕ ਨੀ।

ਭੁਲਾਕੇ ਆਪਣਾ ਆਪਾ ਮੈਂ ਬੇਹੋਸ਼ੀ ਵਿੱਚ ਢਹਿ ਪੈਂਦਾ
ਲਿਖਦਾ ਦਰਦ ਕਲਮ ਨਾਲ ਫਿਰ ਜਾਮ ਪੀ ਲੈਂਦਾ
ਮਰ ਜਾਵਾਂਗਾ ਜਿਸ ਦਿਨ ਪੀੜ ਹੋਈ ਵਧੀਕ ਨੀ
 
Top