ਕੱਲ ਰਾਤੀਂ ਕੁਝ ਲੱਕੜਹਾਰੇ

BaBBu

Prime VIP
ਕੱਲ ਰਾਤੀਂ ਕੁਝ ਲੱਕੜਹਾਰੇ
ਕਾਲੇ ਵਣ ਚੋਂ ਲੰਘ ਰਹੇ ਸਨ
ਸਾਵੇ ਸਾਵੇ ਬਿਰਖਾਂ ਕੋਲੋਂ
ਬਲਦਾ ਚੁੱਲ੍ਹਾ ਮੰਗ ਰਹੇ ਸਨ

ਕਿਹੜੇ ਸੇਕ ਨੇ ਇਉਂ ਪਿਘਲਾਏ
ਪਾਣੀ ਨੀਵੇਂ ਉੱਤਰ ਆਏ
ਧਰਤ ਸੁਹਾਗਣ ਦੇ ਪੋਰਾਂ ਨੂੰ
ਕਤਰਾ ਕਤਰਾ ਅੰਗ ਰਹੇ ਸਨ

ਲੰਘਦੇ ਨੰਗੇ ਬਾਜ਼ਾਰਾਂ 'ਚੋਂ
ਆਉਂਦੇ ਵਾਰਿਸ ਜਾਂਦੇ ਪੁਰਖੇ
ਉਹਲੇ ਉਹਲੇ ਬਚਦੇ ਫਿਰਦੇ
ਇਕ ਦੂਜੇ ਤੋਂ ਸੰਗ ਰਹੇ ਸਨ

ਲੋਹੇ ਨੂੰ ਹਥਿਆਰ ਬਣਾ ਕੇ
ਬੰਦੇ ਭੁੱਖ ਪਿਆਸ ਮਿਟਾ ਕੇ
ਆਪੇ ਘੜੀਆਂ ਮੂਰਤੀਆਂ ਤੋਂ
ਰੋ ਰੋ ਮਾਫੀ ਮੰਗ ਰਹੇ ਸਨ

ਇਕ ਬੰਦੇ ਦੇ ਹੁਕਮ ਦੇ ਬੱਧੇ
ਇਕ ਨੂੰ ਸੂਲੀ ਟੰਗ ਰਹੇ ਸਨ
ਕਿੰਨੇ ਕੋਲੋਂ ਦੁੱਖ 'ਚ ਡੁੱਬੇ
ਚੁਪ ਚੁਪੀਤੇ ਲੰਘ ਰਹੇ ਸਨ

ਅਰਸ਼ 'ਤੇ ਤਾਰੇ ਧਰਤ 'ਤੇ ਅੱਖਰ
ਚਮਕ ਰਹੇ ਸਨ ਰਾਤ ਬਰਾਤੇ
ਸਨ ਕੁਝ ਲੋਕ ਜੋ ਕਾਇਨਾਤ ਨੂੰ
ਪਿਆਰ ਦੇ ਰੰਗ 'ਚ ਰੰਗ ਰਹੇ ਸਨ
 
Top