ਕੌਣ ਮੰਨੇਂਗਾ ਤੜ੍ਹੀ ਤੇਰੀ

ਬੜੀ ਮੁਸ਼ਕਿਲ 'ਚ ਛੱਡਿਆ ਸਾਥ ਜਦ ਯਾਰਾਂ ਬੜੀ ਹੋਈ
ਘੜੀ ਔਖੀ 'ਚ ਬਹੁੜੀ ਹੱਥ ਦੀ ਕਿਸਮਤ ਘੜੀ ਹੋਈ

ਪੜ੍ਹੀ ਮੱਥੇ ਦੀ ਜਦ ਉਹਨਾਂ ਇਬਾਰਤ ਹੱਸ ਕੇ ਬੋਲੇ
ਕਿ ਲਗਦਾ ਹੈ ਤੂੰ ਕਾਲੇ ਦੌਰ ਦੀ ਗਾਥਾ ਪੜ੍ਹੀ ਹੋਈ

ਚੜ੍ਹੀ ਲੱਥੀ ਦੀ ਉਸ ਪਲ ਹੋਸ਼ ਕੀ ਰਹਿੰਦੀ ਹੈ ਬੰਦੇ ਨੂੰ
ਕਿ ਮਸਤੀ ਇਸ਼ਕ਼ ਦੀ ਜਦ ਬੋਲਦੀ ਸਿਰ ਤੇ ਚੜ੍ਹੀ ਹੋਈ

ਸੜੀ ਦੁਨੀਆਂ ਦੁਹੱਥੜ ਮਾਰ ਕੇ ਪਿੱਟੀ ਜਦੋਂ ਤੱਕਿਆ
ਕੋਈ ਮੰਜ਼ਿਲ ਤੇ ਪਹੁੰਚੀ ਰੂਹ ਦੁਨੀਆਂ ਤੋਂ ਸੜੀ ਹੋਈ

ਅੜੀ ਕਰਕੇ ਉਹਦੇ ਮੋਹ ਜਾਲ ਨੇ ਭਰਮਾ ਲਿਆ ਸਾਨੂੰ
ਅੜੀ ਛੱਡੀ ਤਾਂ ਪਾਈ ਜਿੰਦਗੀ ਥਾਂ ਥਾਂ ਅੜੀ ਹੋਈ

ਤੜ੍ਹੀ ਕਿਸਨੂੰ ਦਏਂਗਾ, ਕੌਣ ਮੰਨੇਂਗਾ ਤੜ੍ਹੀ ਤੇਰੀ
ਕਿ ਤੇਰੀ ਜਿੰਦਗੀ ਹਾਲਾਤ ਦੇ ਪਿੰਜਰੇ ਤੜੀ ਹੋਈ
 
ਅੜੀ ਕਰਕੇ ਉਹਦੇ ਮੋਹ ਜਾਲ ਨੇ ਭਰਮਾ ਲਿਆ ਸਾਨੂੰ
ਅੜੀ ਛੱਡੀ ਤਾਂ ਪਾਈ ਜਿੰਦਗੀ ਥਾਂ ਥਾਂ ਅੜੀ ਹੋਈ
 

tarlokjudge

Tarlok Singh Judge
ਮੇਰੀ ਇਹ ਗ਼ਜ਼ਲ ਸਾਲ 1995 ਵਿਚ ਅਜੀਤ ਵਿਚ ਛਪ ਚੁੱਕੀ ਹੈ ਜਿਸਦੀ ਕਾਪੀ ਮੇਰੇ ਕੋਲ ਸੁਰਖਿਅਤ ਹੈ
ਗੁਰੀ ਘੋਲੀਆ ਨੇ ਇਹ ਸਾਰੀਆਂ ਰਚਨਾਵਾਂ ਮੇਰੇ ਫੇਸ ਬੁਕ ਪ੍ਰੋਫਾਇਲ ਤੋਂ ਚੋਰੀ ਕੀਤੀਆਂ ਨੇ
 
Top