ਕੌਣ ਪੁੱਛਦਾ ਹੈ

ਹੈ ਵਿਕਦਾ ਪਿਆਰ ਇੱਥੇ ਆਸ਼ਕਾਂ ਨੂੰ ਕੌਣ ਪੁੱਛਦਾ ਹੈl
ਹੈ ਇੱਥੇ ਪੁੱਛ ਮਾਇਆ ਦੀ ਦਿਲਾਂ ਨੂੰ ਕੌਣ ਪੁੱਛਦਾ ਹੈl
ਇਹ ਨਗਰੀ ਪਾਗਲਾਂ ਦੀ ਏ,ਇਹ ਬਸਤੀ ਕਮਲਿਆਂ ਦੀ ਏ,
ਕਿ ਇਸ ਥਾਂ ਮੂਰਖਾਂ ! ਦਾਨਿਸ਼ਵਰਾਂ ਨੂੰ ਕੌਣ ਪੁੱਛਦਾ ਹੈl
ਸ਼ਿਕਾਰੀ ਹੁਣ ਜ਼ਬਰਦਸਤੀ ਚਮਨ ਤੇ ਰਾਜ ਕਰਦੇ ਨੇ,
ਭਲਾ ਅੱਜ ਕਲ ਚਮਨ ਦੇ ਰਾਖਿਆਂ ਨੂੰ ਕੌਣ ਪੁੱਛਦਾ ਹੈl
ਤੇਰੀ ਮਹਿਫ਼ਲ 'ਚ ਏਨੀ ਖਿੱਚ-ਧੂਅ ਚਲਦੀ ਹੈ ਐ ਸਾਕੀ,
ਕਿ ਇਸ ਮਾਹੌਲ ਵਿਚ ਚੁਪ ਕੀਤਿਆਂ ਨੂੰ ਕੌਣ ਪੁੱਛਦਾ ਹੈl
ਹਨੇਰੀ ਰਾਤ ਵਿਚ ਹੀ ਮੁੱਲ ਪੈ ਸਕਦਾ ਹੈ ਇਹਨਾਂ ਦਾ,
ਦੁਪਿਹਰੇ ਬਾਲ ਰੱਖੇ ਦੀਵਿਆਂ ਨੂੰ ਕੌਣ ਪੁੱਛਦਾ ਹੈl
ਧੜਾ ਧੜ ਹੌ ਰਹੀ ਏ ਪੱਥਰਾਂ ਦੀ ਵਿਕਰੀ ਏਥੇ,
ਕਿ ਇਸ ਮੰਡੀ ਦੇ ਅੰਦਰ ਹੀਰਿਆਂਨੂੰ ਕੌਣ ਪੁੱਛਦਾ ਹੈl
ਜੇ ਲੈਣਾ ਹੈ ਤੂੰ ਹੱਕ ਆਪਣਾ ਜ਼ਰਾ ਆਵਾਜ਼ ਉੱਚੀ ਕਰ,
ਭਲਾ ਚੁੱਪ-ਕੀਤਿਆਂ, ਚੁੱਪ-ਰਹਿਣਿਆਂ ਨੂੰ ਕੌਣ ਪੁੱਛਦਾ ਹੈl
ਜੇ ਬੱਚਾ ਰੋਵੇ ਨਾ ਤਾਂ ਮਾਂ ਵੀ ਉਸ ਨੂੰ ਦੁੱਧ ਨਹੀਂ ਦਿੰਦੀ,
ਕਿ ਇਸ ਸੰਸਾਰ ਵਿਚ ਖੇਲ੍ਹੇ-ਪਿਆਂ ਨੂੰ ਕੌਣ ਪੁੱਛਦਾ ਹੈl
ਜੇ ਲਿਖਣੀ ਹੈ ਗ਼ਜ਼ਲ ਤਾਂ ਦਿਲ ਵਿਚ ਪਹਿਲਾਂ ਇਸ਼ਕ ਪੈਦਾ ਕਰ,
ਗ਼ਜ਼ਲ ਦੇ ਪਿੜ ਵਿਚ ਡਿਗਰੀਆਂ ਵਾਲਿਆ ਨੂੰ ਕੌਣ ਪੁੱਛਦਾ ਹੈl
ਇਹ ਐਸਾ ਦੌਰ ਹੈ ਸਾਰੇ ਹੀ ਅਫ਼ਸਰ ਬਣ ਗਏ ਸ਼ਇਰ,
ਕਵੀ ਦਰਬਾਰ ਵਿਚ ਹੁਣ ਸ਼ਇਰਾਂ ਨੂੰ ਕੌਣ ਪੁੱਛਦਾ ਹੈl
ਇਹ ਦਲ ਹੈ ਆਸ਼ਕਾਂ ਦਾ, ਕਾਫਲਾ ਦਿਲ ਵਾਲਿਆਂ ਦਾ ਹੈ,
'ਪੰਜਾਬੀ'! ਏਸ ਥਾਂ 'ਤੇ ਖ਼ਤਰਿਆਂ ਨੂੰਕੌਣ ਪੁੱਛਦਾ ਹੈ
 
Top