ਕੁਝ ਰੋਸ਼ਨੀ

Arun Bhardwaj

-->> Rule-Breaker <<--
ਕੁਝ ਰੋਸ਼ਨੀ ਤਾਂ ਹੋਵੇ ਕੁਝ ਤਾਂ ਇਹ ਰਾਤ ਸਰਕੇ।

ਗਲ਼ੀਆਂ ‘ਚ ਯਾਰ ਆਏ ਤਲੀਆਂ ‘ਤੇ ਦੀਪ ਧਰਕੇ।





ਕੁਝ ਲੋਕ ਰੰਗ ਲਭਦੇ ਬਦਰੰਗ ਹੋ ਗਏ ਨੇ,

ਰਖਦੇ ਜੋ ਕਾਪੀਆਂ ਵਿੱਚ ਤਿਤਲੀ ਦੇ ਪਰ ਕੁਤਰ ਕੇ।





ਆਵੋ ਜਵਾਬ ਦੇਵੋ ਕੋਈ ਸਵਾਲ ਆਇਆ,

ਜਿਹਲਮ ਚਨਾਬ ਰਾਵੀ ਸਤਲੁਜ ਬਿਆਸ ਤਰ ਕੇ।





ਪਾਗਲ ਹਨੇਰੀਆਂ ਨੂੰ ਉਪਦੇਸ਼ ਕੌਣ ਦੇਵੇ?

ਸਭ ਪਾਕ ਪੁਸਤਕਾਂ ਦੇ ਉਡਦੇ ਪਏ ਨੇ ਵਰਕੇ।





ਮੰਨਿਆਂ ਕਿ ਬਾਗ਼ ਉਸਦਾ ਆਬਾਦ ਹੋਇਆ ਫਿਰ ਵੀ,

ਪੂਰਨ ਉਦਾਸ ਹੋਇਆ ਜੰਗਲ ਨੂੰ ਯਾਦ ਕਰਕੇ।





ਹੋਣੀ ਅਜੀਬ,ਮਹਿਰਮ ਆਉਂਦੇ ਬੇਗਾਨਿਆਂ ਜਿਉਂ,

ਅਰਥੀ ਦੇ ਨਾਲ ਕਾਤਿਲ ਜਾਂਦੇ ਨੇ ਬਣ ਸੰਵਰ ਕੇ।





ਕਿਸ ਹਾਲ ਜੀ ਸਕੇਗੀ ਸੀਨੇ ‘ਚ ਅੱਗ ਲੈ ਕੇ,

ਫੁਟਦਾ ਨਹੀਂ ਜੇ ਲਾਵਾ ਕਿਉਂ ਨਾ ਇਹ ਧਰਤ ਗਰਕੇ।





ਸ਼ਬਦਾਂ ਦੇ ਆਹਲਣੇ ਨੂੰ ਅਰਥਾਂ ਦਾ ਨਿੱਘ ਦੇਵਾਂ,

ਆਏ ਨੇ ਕਲਪਨਾ ਦੇ ਪੰਛੀ ਉਡਾਣ ਭਰ ਕੇ।



By- Jaswinder
 
Top