ਕਿਥੇ ਗਈ

ਕਿਥੇ ਗਈ ਓਹ ਹੀਰ ਸਲੇਟੀ ਕਿਥੇ ਗਏ ਓਹ ਰਾਂਝੇ ,
ਨਾ ਤੇ ਲਭਦੇ ਛਮਲੇ ਕੈਂਠੇ ਨਾ ਹੀ ਲਭਣ ਪਰਾਂਦੇ

ਬੁਕਲ ਦੇ ਵਿਚ ਹਰ ਕੋਈ ਚੂਚਕ ਤੇ ਕੋਈ ਚਾਚਾ ਕੈਦੋਂ
ਹੀਰ ਸਹਿਤੀ ਜੇਹੇ ਰਿਸ਼ਤੇ ਨਾ ਜੋ ਭੇਤ ਰਮਜ਼ ਦਾ ਪਾਉਂਦੇ

ਵਿਚ ਤ੍ਰਿੰਝਣ ਨਾ ਹੁਣ ਲਗੇ ਗੇੜਾ ਕੋਈ ਚਰਖੇ ਦਾ
ਨਾ ਬੋਲੀ ਨਾ ਟੱਪੇ ਢੋਲੇ ਨਾ ਕੋਈ ਮਾਹੀਏ ਗਾਉਂਦੇ

ਅੱਜ ਗੁਆਚੀਆ ਪਿਪ੍ਲੋਂ ਪੀਂਘਾਂ ਯਾਦਾਂ ਤਾਈ ਹੈ ਕਿੱਕਲੀ
ਨਾਰਾਂ ਤੋ ਹੁਣ ਸਖਣਾ ਗਿਧਾ ਨਾ ਬਾਂਕੇ ਭੰਗੜਾ ਪਾਉਂਦੇ

ਨੀਰ ਝਨਾਂ ਦਾ ਲਹੂ ਹੋ ਗਿਆ ਹੁਸਨ ਇਸ਼ਕ਼ ਦਾ ਚੋਰ
ਭੱਟੀ ਵਾਈਆਂ ਕਾਲੀਆਂ ਲੀਕਾਂ ਲੋਕੀ ਮੁੱਲ ਨਈ ਪਾਉਂਦੇ
 
Top