ਕਮਲਿਆ ਮਨਾ ਗੱਲ ਦਿਲ ਤੇ ਨਾ ਲਾਇਆ ਕਰ

"ਕਮਲਿਆ ਮਨਾ ਗੱਲ ਦਿਲ ਤੇ ਨਾ ਲਾਇਆ ਕਰ ।
ਬਦਲੇ ਜਦ ਮੌਸਮ, ਤੂੰ ਵੀ ਬਦਲ ਜਾਇਆ ਕਰ ।

ਪਾਸੇ ਹੋ ਕੇ ਲੋਕਾਂ ਵਾਂਗੂੰ ਦੇਖੀ ਜਾਇਆ ਕਰ ਹਾਦਸੇ,
ਐਵੇਂ ਨਾ ਹਰ ਹਾਦਸੇ ਵਿੱਚੋਂ ਗੁਜ਼ਰ ਜਾਇਆ ਕਰ ।

ਜਦ ਆਪਣੀ ਗੁਲਾਮੀ ਦਾ ਪਰਿੰਦੇ ਨੂੰ ਹੀ ਰੰਜ ਨਹੀਂ,
ਤੂੰ ਜੰਗਲ ਨੂੰ, ਨਾ ਮੁਕਤੀ ਦੇ ਗੀਤ ਸੁਣਾਇਆ ਕਰ ।

ਹੋਵੇ ਜੇ ਵਖਤ ਬੁਰਾ, ਜਖ਼ਮ ਫੁੱਲ ਵੀ ਦੇ ਜਾਂਦੇ ਨੇ ,
ਸੰਭਲ ਕੇ ਮਹਿਕਾਂ ਦੀ ਨਗਰੀ ਪੈਰ ਪਾਇਆ ਕਰ ।

ਜੋ ਠੋਕਰ ਦੇ ਕਾਬਲ ਵੀ ਨਹੀਂ ਸੀ, ਦੇਵਤਾ ਹੋ ਗਿਆ,
ਨਾ ਪੱਥਰ ਤਰਾਸ਼ ਕੇ, ਮੰਦਰ ਸਜਾਇਆ ਕਰ ।

ਜੋ ਟਿਮਟਿਮਾਵੇ, ਐਵੇਂ ਭੁਲੇਖਾ ਜੁਗਨੂੰਆਂ ਦਾ ਪਾਵੇ ,
ਐਸੇ ਖੋਟੇ ਖ਼ਰੇ ਦੀ, ਨਾ ਤਾਸੀਰ ਅਜਮਾਇਆ ਕਰ ।

ਤੇਰੇ ਸ਼ਹਿਰ ਵਿੱਚ, ਹੈ ਨਜ਼ਰਬੰਦ ਰੌਸ਼ਨੀ,
ਨਾ ਖੁਦ ਜਲਿਆ ਕਰ, ਨਾ ਦੀਪ ਜਲਾਇਆ ਕਰ !​
 
Top