ਕਬਿੱਤ

ਵਰਖਾ ਦੇ ਪਾਣੀਆਂ ! ਤੂੰ ਕਾਹਤੋਂ ਬੇ-ਮੁਹਾਰ ਹੋਇਆ
ਗਲੀ ਗਲੀ ਵਿਚ ਸਾਨੂੰ ਕੀਤਾ ਈ ਖੁਆਰ ਪਾਣੀ |
ਖੌਰੇ ਕਿਹੜੇ ਰੁੱਸੇ ਮਹਿਬੂਬ ਤਾਈਂ ਭਾਲਦਾ ਏਂ,
ਗਲੀਆਂ ਦੇ ਵਿਚ ਹੋਇਆ ਫਿਰੇਂ ਅਵਾਜਾਰ ਪਾਣੀ |
ਸਾਥੋਂ ਸਾਡੇ ਕਿਹੜਿਆਂ ਗੁਨਾਹਾਂ ਦਾ ਹਿਸਾਬ ਮੰਗੇਂ
ਸਾਡੇ ਸਿਰਾਂ ਉੱਤੋਂ ਛੱਤਾਂ ਚੱਲਿਐਂ ਉਤਾਰ ਪਾਣੀ |
ਚੰਦਰਿਆ ! ਪਲਾਂ ਵਿਚ ਟੋਏ ਟਿੱਬੇ ਇੱਕ ਕੀਤੇ ,
ਊਚ ਨੀਚ ਵਾਲੀ ਕੋਈ ਛੱਡੀ ਨਾ ਵਿਚਾਰ ਪਾਣੀ |

ਮਿੱਟੀ ਪੰਜਾਂ ਪਾਣੀਆਂ ਦੀ , ਰਖਿਆ ਪੰਜਾਬ ਨਾਮ
ਅੱਜ ਇਹਦੇ ਸਿਰ ਉੱਤੋਂ ਲੰਘਦੇ ਹਜ਼ਾਰ ਪਾਣੀ |
ਉਂਜ ਤਾਂ ਇਹ ਅੱਗੇ ਨਿੱਤ ਪੁਲਾਂ ਤੋਂ ਹੀ ਲੰਘਦਾ ਸੀ ,
ਹੁਣ ਟੱਪ ਚੱਲਿਆ ਹੈ ਉਚੜੇ ਮੀਨਾਰ ਪਾਣੀ |
ਖਾਵੇ ਜਦੋਂ ਗੁੱਸਾ ਉਦੋਂ ਰੋੜ੍ਹਦਾ ਪੰਜਾਬ ਤਾਈਂ
ਅੱਗੇ ਪਿਛੇ ਲਈ ਜਾਂਦੀ ਬਾਹਰ ਸਰਕਾਰ ਪਾਣੀ |
ਹੋਵੇ ਅਨਿਆਏ ਜਦੋਂ ਖੂਨ ਬਣ ਕਿਓਂ ਨਾਂ ਖੌਲੇ
ਚਿਰਾਂ ਤੋਂ ਜੋ ਅੱਖਾਂ ਵਿਚ ਫਿਰਦਾ ਲਾਚਾਰ ਪਾਣੀ |

ਸੇਕ ਜਦੋਂ ਖਾਵੇ ਇਹਦੇ ਸੀਨੇ 'ਚ ਉਬਾਲ ਆਵੇ ,
ਆਪਣਾ ਕਲੇਜਾ ਰਖੇ ਉਂਜ ਠੰਡਾ ਠਾਰ ਪਾਣੀ
ਅੱਜ ਦੇਸ਼ ਵਾਸੀਆਂ ਖੂਨ ਵਗੇ ਨਦੀਆਂ 'ਚ
ਰੋਕਦੇ ਸੀ ਜਿਹੜੇ ਬਾਹਰੋਂ ਆਓਂਦੇ ਜਾਂਦੇ ਵਾਰ ਪਾਣੀ |
ਸ਼ਾਮੀਂ ਜਦੋਂ ਘਰੋਂ ਬਾਹਰ ਜਾਣ ਬਾਰੇ ਸੋਚਦੇ ਹਾਂ
ਹੁੰਦਾ ਨਹੀਂ ਬਾਲਾਂ ਦੀਆਂ ਅੱਖਾਂ 'ਚੋਂ ਵਿਸਾਰ ਪਾਣੀ
ਗੁੱਸੇ ਵਿਚ ਰੋੜ੍ਹ ਲਏ ਸੁਹਾਗ ਕਈ ਸੁਹਾਗਣਾਂ ਦੇ
ਕੰਜਕਾਂ ਦੇ ਸੁਪਨੇ ਵੀ ਕੀਤੇ ਤਾਰ ਤਾਰ ਪਾਣੀ
ਮੰਦੇ ਲੇਖ ਮਾਵਾਂ ਮੰਦ ਭਾਗੀਆਂ ਜਿਹਨਾਂ ਤਾਈਂ
ਹੋਏ ਨਾ ਨਸੀਬ ਪੀਣੇ ਪੁੱਤਰਾਂ ਤੋਂ ਵਾਰ ਪਾਣੀ |

ਤੂੰ ਹੀ ਜ਼ਿਮੇੰਵਾਰ ਹੈਂ ਨੀ ਦਿੱਲੀਏ ਵਿਚਾਰ ਜ਼ਰਾ
ਤੇਰੇ ਆਖੇ ਲੱਗ ਸਾਡਾ ਭੁੱਲਿਆ ਪਿਆਰ ਪਾਣੀ |
ਅਜੇ ਵੀ ਨਾਂ ਸੰਭਲੀ ਤਾਂ ਫਿਰ ਪਛੋਤਾਏਂਗੀ ਤੂੰ
ਰੁਖ ਜਦੋਂ ਤੇਰੇ ਦਰਾਂ ਵੱਲ ਲਿਆ ਧਾਰ ਪਾਣੀ |
ਫੇਰ ਇਹਨਾਂ ਅਖੀਆਂ 'ਚੋਂ ਖੂਨ ਬਣ ਉੱਤਰੇਗਾ
ਅੱਜ ਜਿਹਨਾਂ ਅਖੀਆਂ 'ਚੋਂ ਵਗੇ ਜਾਰ ਜਾਰ ਪਾਣੀ |
ਡੇਗ ਦੇਣਾ ਇਹ੍ਨੇੰ ਤੇਰੇ ਉਚੇ ਉਚੇ ਧੌਲਰਾਂ ਨੂੰ
ਹਾੜਾ ਨੀਂ ਹੰਕਾਰੀਏ ਤੂੰ ਮਨੋਂ ਨਾਂ ਵਿਸਾਰ ਪਾਣੀ |

ਮਿਨਤਾਂ ਮੁਸਾਜਤਾਂ ਤੂੰ ਕਰ " ਤਰਲੋਕ ਸਿੰਘਾ ",
ਆਖਦੇ ਨੇ ਲੋਕ ਹੁੰਦਾ ਖ੍ਵਾਜਾ ਅਵਤਾਰ ਪਾਣੀ |
 
Top