ਕਪਟੀ

ਦੇਖਦੇ ਸਾਰ ਧਾਅਕੇ ਮੇਰੇ ਵੱਲ ਆਈ
ਉਸ ਨਾਲ ਕੋਈ ਭਾਣਾ ਹੋਇਆ।

ਬੇਵਫ਼ਾ ਮੇਰੇ ਗਲ ਨਾਲ ਲੱਗਕੇ ਰੋਂਦੀ
ਗ਼ਮ ਭੁਲਾਕੇ ਮੈਂ ਹੱਕਾ ਬੱਕਾ ਹੋਇਆ।

ਅਮਰ ਵੇਲ ਬਣਕੇ ਉਹ ਲਿਪਟ ਪਈ
ਸ਼ਿਕਰੇ ਵਾਂਗ ਸ਼ਿਕਾਰ ਤੇ ਝਪਟ ਗਈ
ਝਰਨਾ ਫ਼ੁੱਟਿਆ ਅੱਖਾਂ ਤੋਂ ਪਛਤਾਵੇ ਦਾ
ਪਸ਼ੇਮਾਨ ਹਾਂ ਦੇਖਕੇ ਉਹਦੇ ਕਪਟ ਕਈ।

ਹੌਕੇ ਭਰਕੇ ਉਹਦਾ ਗਲ਼ਾ ਰੁਕਿਆ
ਅਥਰੂਆਂ ਦੀ ਝੜੀ ਗਿਰਾਕੇ ਅੱਖੀਂ ਨੀਰ ਸੁੱਕਿਆ
ਦੂਰ ਤੱਕ ਗੂੰਜਦੀ ਅਵਾਜ ਹਿਚਕੀਆਂ ਦੀ
ਫਿਰ ਵੀ ਸ਼ੱਕ ਜਰਾ ਗਿਆ ਨਾ ਚੁੱਕਿਆ।

ਬਿਰਹੋਂ ਦੀ ਵਣਜ ਜਦੋਂ ਤੋਂ ਉਸ ਵਿਹਾਈ
ਲਹੂ ਨਾਲ ਉਸਨੇ ਆਪਣੀ ਤਰੇਹ ਬੁਝਾਈ
ਕੰਡੇ ਬਣੇ ਉਹ ਨਰਮ ਹੱਥ ਗੋਰੇ
ਪਹਿਲੀ ਮੁਹੱਬਤ ਭੰਗ ਦੇ ਭਾੜੇ ਗੁਆਈ।

ਐਸੀ ਨਾਗਣ ਨੂੰ ਦੁੱਧ ਪਿਲਾਉਣਾ
ਐਸੀ ਬਘਿਆੜੀ ਨੂੰ ਮਾਸ ਖਿਲਾਉਣਾ
ਹੈ ਕਿੱਧਰ ਦੀ ਯਾਰੋ ਅਕਲਮੰਦੀ
ਐਸੀ ਸਰਾਪੀ ਰੂਹ ਦੇ ਸੰਗ ਜਿਆਉਣਾ।

ਅੱਖਾਂ ਸੁੰਗੜ ਗਈਆਂ ਸ਼ੱਕ ਦੇ ਨਾਲ
ਸੋਚਦਾ ਹਾਂ ਉਹ ਚੱਲਦੀ ਨਵੀਂ ਚਾਲ
ਪਰ ਹੰਝੂਆਂ ਦੇ ਵਿੱਚ ਮੈਂ ਵਹਿਆ
ਭੁਲਾਕੇ ਆਪਣੇ ਗ਼ਮ, ਪੁੱਛਦਾਂ ਉਸਦਾ ਹਾਲ।

ਤਾਣਿਆਂ ਉਸ ਦੁਆਲੇ ਲੋਹੇ ਵਰਗਾ ਕਲਾਵਾ
ਦੇਕੇ ਉਸਨੂੰ ਮਾਫ਼ੀ ਪਾੜ ਦਿੱਤਾ ਬੇਦਾਵਾ
ਕੰਡਿਆਲੇ ਹੱਥ ਅਤੇ ਉੱਠਦੇ ਸ਼ੱਕ ਭੁਲਾਕੇ
ਗੀਤ ਸੁਣਾਵਾਂ ਉਹਨੂੰ ਦਿਲ ਲੁਭਾਵਾ।

ਨਾ ਸੋਚਿਆ ਇਹ ਕਿੰਨੀਆਂ ਰਾਤਾਂ ਚੱਲੇਗਾ
ਸੁਫ਼ਨਾਂ ਕਿਸੇ ਪੜਾਅ ਤੇ ਜਾ ਟੁੱਟੇਗਾ
ਹੰਝੂ ਪੂੰਝਕੇ ਕਹਿਕਹੇ ਲਗਾਏਗੀ
ਤੇ ਦਿਲ ਜਲਿਆਂ ਦਾ ਫਿਰ ਦਿਲ ਜਲੇਗਾ।


writen by:_ kaka gill
 
Top