ਕਦੇ ਟੁੱਟੇ ਨਾ ਕਿਸੇ ਦੀ ਲੋਕੋ ਯਾਰੀ

ਕਦੇ ਟੁੱਟੇ ਨਾ ਕਿਸੇ ਦੀ ਲੋਕੋ ਯਾਰੀ
ਦਿੱਲ ਰਹਿੰਦਾ ਭੁੱਬਾਂ ਮਾਰਦਾ
ਪੰਡ ਹੁੰਦੀ ਏ ਗਮਾਂ ਦੀ ਬੜੀ ਭਾਰੀ
ਦਿੱਲ ਰਹਿੰਦਾ ਭੁੱਬਾਂ ਮਾਰਦਾ

ਇਸ਼ਕੇ ਦਾ ਬੂਟਾ ਅਸਾਂ ਰੂਹ ਨਾਲ ਲਾਇਆ ਸੀ
ਹਰ ਇੱਕ ਪੱਤਾ ਨਾਲ ਲਹੂ ਦੇ ਵਸਾਇਆ ਸੀ
ਜੜੋਂ ਪੁੱਟ ਫੇਰੀ ਜ਼ਾਲਮੇਂ ਤੂੰ ਆਰੀ
ਦਿੱਲ ਰਹਿੰਦਾ ਭੁੱਬਾਂ ਮਾਰਦਾ

ਦਿੱਲ ਵਾਲਾ ਰਾਗ ਅਤੇ ਸਾਜ਼ ਗਿਆ ਟੁੱਟਿਆ
ਨਗਮਾਂ ਜੋ ਪਿਆਰ ਦਾ ਸੀ ਗਿਆ ਉਹ ਤਾਂ ਲੁੱਟਿਆ
ਸਾਡੀ ਉੱਝੜੀ ਏ ਸੁਰਾਂ ਦੀ ਕਿਆਰੀ
ਦਿੱਲ ਰਹਿੰਦਾ ਭੁੱਬਾਂ ਮਾਰਦਾ

ਵਫ਼ਾ ਤੇ ਮੁਹੱਬਤਾਂ ਦਾ ਚਰਖਾ ਮੈ ਡਾਇਆ ਸੀ
ਪਿਆਰ ਵਾਲਾ ਰੰਗ ਰੂੰ ਤੇ ਤੱਕਲੇ ਚੜਾਇਆ ਸੀ
ਤੰਦ ਤੋੜੀ ਵੈਰਨੇ ਤੂੰ ਕਈ ਵਾਰੀ
ਦਿੱਲ ਰਹਿੰਦਾ ਭੁੱਬਾਂ ਮਾਰਦਾ

ਜਿੰਦਗੀ ਚ’ ਢੇਰ ਲਾਇਆ ਦੁਖਾਂ ਦਾ ਮੈ ਚਿੰਣ ਕੇ
ਕਿਹੜਾ ਕਿਹੜਾ ਦੱਸਾਂ ਹੁਣ ਉਂਗਲਾਂ ਤੇ ਗਿਣ ਕੇ
ਕੀਤੀ ਹੰਝੂਆਂ ਤੇ ਦੁੱਖਾਂ ਨੇ ਸਵਾਰੀ
ਦਿੱਲ ਰਹਿੰਦਾ ਭੁੱਬਾਂ ਮਾਰਦਾ

ਲੱਖਾਂ ਹੀ ਨਿਆਮਤਾਂ ਮੈ ਤੇਰੇ ਉੱਤੋਂ ਵਾਰੀਆਂ
ਭੁੱਲ ਗਈ ਵਾਦਿਆਂ ਤੇ ਕਸਮਾਂ ਤੂੰ ਸਾਰੀਆਂ
ਸਾਰ ਲਈ ਨੀ ਤੂੰ ਸਾਡੀ ਇੱਕ ਵਾਰੀ
ਦਿੱਲ ਰਹਿੰਦਾ ਭੁੱਬਾਂ ਮਾਰਦਾ

ਆਰ.ਬੀ.ਸੋਹਲ
 
Top