ਉਲਝੇ ਉਲਝੇ ਖਿਆਲ ਲੈ ਕੇ

KARAN

Prime VIP
ਉਲਝੇ ਉਲਝੇ ਖਿਆਲ ਲੈ ਕੇ,
ਉਖੜੀ ਉਖੜੀ ਚਾਲ ਲੈ ਕੇ,
ਹੋਠਾਂ ਤੇ ਕਈ ਸੁਆਲ ਲੈ ਕੇ
ਆਏ ਇਹ ਹਰਫ਼ ਪਿਆਸੇ।
ਸੌ ਜੁਆਬ, ਸੌ ਸੁਆਲ ਬਦਲੇ
ਪਲ ਪਲ ਪਿੱਛੋਂ ਹਾਲ ਬਦਲੇ
ਬੜੀ ਜਲਦੀ ਚਾਲ ਬਦਲੇ
ਕਦੀ ਤੋਲੇ, ਕਦੀ ਮਾਸੇ।
ਮਹਿਲ ਖੰਡਰ, ਧਰਤ ਬੰਜਰ
ਹਰ ਹੱਥ ਵਿਚ ਖੰਜਰ
ਛਾਇਆ ਮੌਤ ਦਾ ਮੰਜਰ
ਹਰ ਤਰਫ, ਹਰ ਪਾਸੇ।
ਵਰਤੇ ਕੋਈ ਐਸੀ ਕਲਾ
ਹੋ ਜਾਏ ਸਭ ਦਾ ਭਲਾ
ਮੇਰੇ ਸ਼ਹਿਰ ਇਕ ਮਨਚਲਾ
ਕਰਦਾ ਰਹੇ ਅਰਦਾਸੇ।
ਹੈ ਉਨ੍ਹਾਂ ਦਾ ਨਾਮ ਬਹੁਤਾ
ਮੈਂ ਤਾਂ ਹਾਂ ਗੁੰਮਨਾਮ ਬਹੁਤਾ ਪਿੰਡ ਵਿਚ ਬਦਨਾਮ ਬਹੁਤਾ
ਸ਼ਹਿਰ ਉਹ ਮਸ਼ਹੂਰ ਖਾਸੇ।
ਨਜ਼ਰ ਵਿੱਚੋਂ ਤੀਰ ਕੱਸ ਕੇ
ਕੁਝ ਪੁੱਛ ਕੇ ਨਾ ਦੱਸ ਕੇ
ਜਰਾ ਬੁਲ੍ਹੀਆਂ ਵਿੱਚ ਹੱਸ ਕੇ ਖੋਹ ਲਏ ਉਮਰ ਦੇ ਹਾਸੇ।
ਨਾ ਕੰਨੀਂ ਕੱਚ ਦੀ ਮੁੰਦਰੀ
ਨਾ ਬੁੱਲ੍ਹ ਛੂਹਣ ਵੰਝਲੀ
ਦੱਸ ਜਾਵਾਂ ਕਿਸ ਗਲੀ
ਲੈ ਤਿੜਕੇ ਸਿਦਕ ਦੇ ਕਾਸੇ।
ਦੇ ਵੰਡ ਹਵਾ ਨੂੰ ਖੁਸਬੋਆਂ ਮੱਸਿਆ ਨੂੰ ਬਖਸ਼ ਕੁਝ ਲੋਆਂ
ਜੇ ਕਿਸੇ ਜਜ਼ਬਾਤ ਨੂੰ ਟੋਹਾਂ ਤਾਂ ਖੁਰ ਜਾਏ ਵਾਂਗ ਪਤਾਸੇ।
ਇਹ ਦਿਲਾਂ ਦੀ ਗਰਮੀ ਸਰਦੀ
ਹੈ ਮੈਨੂੰ ਬੇਚੈਨ ਕਰਦੀ
ਮੰਗਦਾ ਬੋਲਾਂ ਦੀ ਹਮਦਰਦੀ
ਤੇ ਨਜਮਾਂ ਦੇ ਧਰਵਾਸੇ।

by Kanwarjeet Singh Sidhu
 
Top