ਉਂਝ ਤਾਂ ਇਹ ਰੁੱਖ ਮੈਨੂੰ ਸਾਰੇ ਹੀ ਪਿਆਰੇ

KARAN

Prime VIP
ਉਂਝ ਤਾਂ ਇਹ ਰੁੱਖ ਮੈਨੂੰ ਸਾਰੇ ਹੀ ਪਿਆਰੇ
ਪਰ ਦੋ ਚਾਰ ਦਿਲ ਦੇ ਆ ਨੇੜ ਵੇ
ਜਿੰਨਾਂ ਦਿਆਂ ਪਿੰਡਿਆਂ ਤੇ ਚੜ ਚੜ ਖੇਡੇ
ਜਿਥੋਂ ਪੀਂਘਾਂ ਨੇ ਦਿਖਾਏ ਬੰਬੇ ਸ਼ਹਿਰ ਵੇ
ਜਿੰਨਾਂ ਦੇ ਵੇ ਕੂਲੇ ਕੂਲੇ ਪੱਤ ਰਹੀ ਚੁੰਮਦੀ
ਚੁੰਮਦੀ ਸੀ ਗੋਅਲਾਂ ਅਤੇ ਸ਼ੱਕ ਵੇ
ਉਹਨਾ ਬੋਹੜਾਂ ਪਿੱਪਲਾਂ ਨੇ ਕਦੇ ਵੀ ਨਾ ਘੂਰਿਆ
ਜਿੰਨ੍ਹਾ ਹੇਠ ਪਾਂਅਦੀ ਰਹੀ ਖੱਪ ਵੇ
ਜਿੰਨਾ ਦੀ ਉਮਰ ਮੇਰੇ ਬਾਬਿਆਂ ਦੀ ਹਾਣੀ
ਰਹਾਂ ਉਹਨਾ ਦੀ ਮਨਾਂਦੀ ਸਦਾ ਖੈਰ ਵੇ
ਉਂਝ ਤਾਂ ਇਹ ਰੁੱਖ ਮੈਨੂੰ ਸਾਰੇ ਹੀ ਪਿਆਰੇ
ਪਰ ਦੋ ਚਾਰ ਦਿਲ ਦੇ ਆ ਨੇੜ ਵੇ
ਇਕ ਸਾਡੇ ਵੇਹੜੇ ਲੱਗਾ ਜਾਮਣ ਦਾ ਰੁੱਖ
ਮੇਰੇ ਨਾਲ ਨਾਲ ਵੱਡਾ ਜੇਹੜਾ ਹੋਇਆ ਹੈ
ਖਾ ਕੇ ਕੁਹਾੜੀ ਟੱਕ ਦਿੰਦਾ ਰਹਿੰਦਾ ਫਲ
ਰਿਹਾ ਭੋਲਾ ਹੀ ਚਲਾਕ ਨਾ ਉਹ ਹੋਇਆ ਏ
ਹਰੇ ਹਰੇ ਫਲ ਨੂੰ ਉਹ ਪਾਉਂਦਾ ਰੰਗ ਜਾਮਣੀ
ਭਾਂਵੇ ਪਾਅਤੀ ਉਹਦੇ ਨੇਹ੍ਰੀਆਂ ਤ੍ਰੇੜ ਵੇ
ਉਂਝ ਤਾਂ ਇਹ ਰੁੱਖ ਮੈਨੂੰ ਸਾਰੇ ਹੀ ਪਿਆਰੇ
ਪਰ ਦੋ ਚਾਰ ਦਿਲ ਦੇ ਆ ਨੇੜ ਵੇ
ਇਕ ਸੀ ਪਿਆਰੀ ਬੇਰੀ ਖੇਤ ਕੱਚੇ ਰਾਹ ਉੱਤੇ
ਭੱਜ ਕੇ ਸਕੂਲੋਂ ਜਿਥੇ ਜਾਂਦੇ ਸੀ
ਕਣਕਾਂ ਚ ਵਿਛੇ ਪਏ ਲਾਲ ਸੂਹੇ ਬੇਰ
ਵੰਡ ਵੰਡ ਅਸੀਂ ਸਭ ਖਾਂਦੇ ਸੀ
ਪਤਾ ਨਹੀਓ ਕੇਹੜਾ ਘਾਟਾ ਪੂਰਨੇ ਲਈ
ਕਿਸੇ ਲਈ ਸੀ ਉਹ ਜੜ੍ਹਾਂ ਚੋਂ ਉਖੇੜ ਵੇ
ਉਂਝ ਤਾਂ ਇਹ ਰੁੱਖ ਮੈਨੂੰ ਸਾਰੇ ਹੀ ਪਿਆਰੇ
ਪਰ ਦੋ ਚਾਰ ਦਿਲ ਦੇ ਆ ਨੇੜ ਵੇ
ਇਕ ਜੀਹਦਾ ਰੰਗ ਮੇਰੇ ਦਾਦਕਿਆਂ ਉੱਤੇ
ਓਸ ਕਿੱਕਰ ਦੀ ਸੁੱਖ ਸਦਾ ਲੋੜਦੀ
ਜੀਹਦਿਆਂ ਮੈਂ ਤੁੱਕਿਆਂ ਤੋਂ ਗਹਿਣੇ ਸੀ ਬਣਾਂਦੀ
ਨਾਲੇ ਗੂੰਦ ਨਾਲ ਕਿੰਨਾ ਕੁਝ ਜੋੜਦੀ
ਜਿਸ ਦੀਆਂ ਸੂਲਾਂ ਨਾਲ ਕੰਨ ਕਦੇ ਬਿੰਨੇ ਸੀ
ਬਿੰਨ ਬੈਠਦੀ ਸੀ ਕਿੰਨੀ ਵਾਰੀ ਪੈੜ ਵੇ
ਉਂਝ ਤਾਂ ਇਹ ਰੁੱਖ ਮੈਨੂੰ ਸਾਰੇ ਹੀ ਪਿਆਰੇ
ਪਰ ਦੋ ਚਾਰ ਦਿਲ ਦੇ ਆ ਨੇੜ ਵੇ
--------
ਦਵਿੰਦਰ ਸਿੰਘ ਧਾਲੀਵਾਲ​
 
Top