ਇੱਕ ਧੀ

ਇੱਕ ਧੀ ਦੇ ਦਿਲ ਦੀ ਗੱਲ
ਬਾਤ ਪੁਰਾਣੀ ਓਹੀ ਅੱਜ
ਮੈਂ ਪਾਉਣ ਲੱਗੀ ਹਾਂ ….
ਅੰਮੜੀ ਦੀ ਬੁੱਕਲ ਦੀ ਗੱਲ
ਬਾਬੁਲ ਦੇ ਵਿਹੜੇ ਦੀ ਅੱਜ
ਮੈਂ ਸੁਨਾਉਣ ਲੱਗੀ ਹਾਂ
ਜਿਸ ਦਿਨ ਧੀ ਸੀ ਜੰਮੀ
ਨਾ ਦਿੱਤੀ ਕਿਸੇ ਵਧਾਈ
ਧੀ ਨੂੰ ਹਿੱਕ ਨਾਲ
ਲਾਈ ਬੈਠੀ ਮਾਂ ਦੀ
ਪਿਓ ਨੇ ਕੀਤੀ ਬਹੁਤ
ਹੌਸਲਾ – ਅਫ਼ਜਾਈ
ਤੂੰ ਵੇਖੀਂ ਧੀ ਮੇਰੀ
ਲੱਖਾਂ ‘ਚੋਂ ਇੱਕ ਹੋਊਗੀ
ਕਹਿਣ ਨਿੱਕੀਆਂ ਉਂਗਲੀਆਂ
ਹਰ ਕਲਾ ‘ਚ ਨਿਪੁੰਨ ਹੋਊਗੀ
ਵੱਡੀ ਹੋ ਕੇ ਧੀ -ਰਾਣੀ ਨੇ ਵੀ
ਮਾਂ ਮੂਹਰੇ ਅੱਖ ਨਾ ਚੁੱਕੀ
ਨਾ ਪਿਓ ਮੂਹਰੇ ਖੋਲੀ ਕਦੇ ਜ਼ੁਬਾਨ
ਰੀਝਾਂ ਨਾਲ ਓਹਨੇ
ਮਾਪਿਆਂ ਦੇ ਕੀਤੇ
ਪੂਰੇ ਸਭ ਅਰਮਾਨ
ਝੋਲੀ ਭਰ ਪਿਆਰ ਦੀ
ਲਾਡੋ ਜਦ ਸਹੁਰੇ ਤੁਰ ਗਈ
ਬਾਬੁਲ ਦਾ ਵਿਹੜਾ ਓਹ
ਸੁੰਨਾ-ਸੁੰਨਾ ਕਰ ਗਈ
ਅੱਜ ਮੀਲਾਂ ਦੂਰ ਬੈਠੀ ਵੀ
ਮੰਗੇ ਓਹ ਸਦਾ ਦੁਆਵਾਂ
ਬਾਬੁਲ ਦੇ ਵਿਹੜੇ ‘ਚ
ਸਦਾ ਵਗਦੀਆਂ ਰਹਿਣ
ਸੁੱਖ ਦੀਆਂ ਠੰਡੀਆਂ ਹਵਾਵਾਂ
ਪਿਆਰ -ਅਸੀਸਾਂ ਦਿੰਦੀ ਮਾਂ
ਧੀ ਦਾ ਸਿਰ ਪਲੋਸਦੀ
ਬੁੱਕਲ਼ ‘ਚ ਲੈ ਕੇ ਧੀ ਨੂੰ
ਮਨ ਹੀ ਮਨ ‘ਚ ਸੋਚਦੀ
ਪੁੱਤ ਵੰਡਾਉਂਦੇ ਜ਼ਮੀਨਾਂ
ਧੀਆਂ ਦੁੱਖ ਨੇ ਵੰਡਾਉਂਦੀਆਂ
ਧੀਆਂ ਨੂੰ ਜੰਮ ਕੇ ਮਾਵਾਂ
ਕਿਓਂ ਅਭਾਗਣਾ ਕਹਾਉਂਦੀਆਂ
ਮਾਪਿਆ ਦੇ ਸੁੱਖ-ਦੁੱਖ ‘ਚ
ਧੀਆਂ ਹੁੰਦੀਆਂ ਸਦਾ ਸਹਾਈ
ਜਿਸ ਦਿਨ ਧੀ ਜੰਮੀ ਸੀ
‘ਮਨਾਂ’ ਤੂੰ ਖੁਸ਼ੀ ਕਿਉਂ ਨਾ ਮਨਾਈ
ਧੀਆਂ-ਧਿਆਣੀਆਂ ਦੇ ਜੰਮਣ ‘ਤੇ
ਲੋਕੀਂ ਦਿੰਦੇ ਕਿਓਂ ਨਹੀਂ ਵਧਾਈ?



Writer Unknown
 
Top