ਇੱਕ ਅਮਲੀ

ਸਾਡੇ ਪਿੰਡ ਇੱਕ ਅਮਲੀ ਰਹਿੰਦਾ
ਆਪਣੀ ਰਹਿਤ ਦਾ ਪੱਕਾ
ਨਸ਼ੇ ਬਿਨਾਂ ਉਹਦਾ ਭੋਰਾ ਨੀ ਸਰਦਾ
ਤੜਕਸਾਰ ਚਾਹ ਨਾਲ ਮਾਰੇ ਭੁੱਕੀ ਦਾ ਫੱਕਾ

ਉਹ ਮਸਤ ਮਲੰਗ ਬਾਵਰਾ
ਬਹੁਤਾ ਜ਼ੁਲਮ ਨਾ ਦੇਹ ਤੇ ਕਰਦਾ
ਕਹਿੰਦਾ ਪਾਣੀ ਲਾਕੇ ਗਿੱਲੀ ਕਿਉਂ ਕਰਨੀ
ਬਸ ਪਿੰਡੇ ਨੂੰ ਧੁੱਪ ਲੁਵਾ ਛੱਡਦਾ

ਬਾਰਾਂ ਕੁ ਵਜੇ ਫੇਰ ਉਹ ਸ਼ਿਫਟ ਦੁਜੀ ਓ ਲਾਉਂਦਾ
ਜਦ ਕਿਸੇ ਯਾਰ ਦੇ ਵਿਹੜੇ ਅਫੀਮ ਘੋਲ ਕੇ ਚਾਹ ਦਾ ਗਿਲਾਸ ਸਜਾਉਂਦਾ
ਚਾਹ ਦੇ ਗਿਲਾਸ ਵਿੱਚ ਖੋਰ ਦੇ ਡਲੀ ਜਿੰਦ ਅਮਲੀ ਦੀ ਨਿਕਲ ਚਲੀ
ਫੇਰ ਲੋਰ 'ਚ ਆ ਕੇ ਗਾਉਂਦਾ

ਕਰਕੇ ਨਸ਼ਾ ਅੰਤਾਂ ਦੀ ਚਤੁਰਾਈ ਦਿਖਾਵੇ
ਉਧਰੋਂ ਸੂਰਜ ਉੱਤਰੇ ਤੇ ਉਹ ਘਰ ਨੂੰ ਫੇਰਾ ਪਾਵੇ
ਨਸ਼ਾ ਟੁੱਟਣ ਨਾਲ ਫੇਰ ਅਮਲੀ ਮੰਜੀ ਨਾਲ ਜੁੜਦਾ ਜਾਂਦਾ
ਖਾਲੀ ਘਰ ਜਨਾਨੀ ਤੋਂ ਸੱਖਣਾ ਝੋਰਾ ਵੱਢ ਵੱਢ ਖਾਂਦਾ

ਰਾਤੀਂ ਫੇਰ ਉਹ ਸਿਰ ਜੁੱਲੀ ਵਿੱਚ ਦੇਕੇ
ਬਹੁਤੇ ਨੀਰ ਵਹਾਉਂਦਾ
ਦੇਹ ਦੇ ਟੁੱਟਦੇ ਪਿੰਜਰ ਨੂੰ
ਆਪੇ ਸਹਿਲਾਕੇ ਰਾਤ ਲੰਘਾਉਂਦਾ

ਛੱਤ ਦੇ ਟੁੱਟਦੇ ਬਾਲੇ
ਮੱਝਾਂ ਦੇ ਖਾਲੀ ਕੀਲੇ ਸਤਾਉਂਦੇ
ਇੱਕ ਇੱਕ ਕਰਕੇ ਜੋ ਵਿਕ ਗਏ
ਜੱਦੀ ਜਮੀਨ ਨੇ ਪੱਚੀ ਕੀਲੇ ਯਾਦ ਫਿਰ ਆਉਂਦੇ

ਹਾਏ ਅਮਲੀਆ ਜੇ ਚੰਗੀ ਸੰਗਤ ਰੱਖਦਾ
ਕਾਹਨੂੰ ਇਹ ਦਿਨ ਆਉਂਦਾ
ਨਾਲੇ ਦੇਹ ਨਰੋਈ ਰਹਿੰਦੀ
ਨਾਲੇ ਘਰ ਵਸਾਉਂਦਾ

ਨਾ ਤਾਂ ਫੇਰ ਇਸ ਪਸ਼ੂ ਧਨ ਵਿਕਦਾ
ਤੇ ਨਾ ਜਮੀਨ ਗਵਾਉਂਦਾ
ਆ ਜਿਹੜੀ ਦਰ-ਦਰ ਦੁਰਰ ਦੁਰਰ ਹੁੰਦੀ
ਇਨਾਂ ਸਭ ਦੇ ਸਰਦਾਰੀ ਜਮਾਉਂਦਾ

ਚਲ ਅਮਲੀਆ ਦਿਨ ਚੜ੍ਹ ਆਇਆ
ਭੁੱਕੀ ਦਾ ਚਮਚਾ ਲਾਈਏ
ਖਾਕੇ ਭੋਰਾ ਕਾਲੇ ਮਾਲ ਦਾ
ਪਿੰਡ ਦਾ ਗੇੜਾ ਲਾਈਏ

ਆਜਾ ਅੱਜ ਫੇਰ ਉਸੇ ਢਾਣੀ 'ਚ ਚਲੀਏ
ਜਿਥੇ ਆਪਾਂ ਵੀ ਸੀ ਵਿੱਚ ਜਵਾਨੀ ਬਹਿੰਦੇ
ਆ! ਉਹਨਾਂ ਨੂੰ ਅੱਜ ਬਚਾਈਏ
ਜਿਹੜੇ ਅਣਭੋਲ ਜਿਹੇ ਨਸ਼ਿਆ ਦੇ ਰਾਹੇ ਪੈਂਦੇ..
ਆ! ਉਹਨਾਂ ਨੂੰ ਅੱਜ ਬਚਾਈਏ
ਜਿਹੜੇ ਅਣਭੋਲ ਜਿਹੇ ਨਸ਼ਿਆ ਦੇ ਰਾਹੇ ਪੈਂਦੇ...
 
Top