ਇਹ ਤਾਂ ਓਹ ਦੇਸ਼ ਨਹੀ ਜੋ ਭਗਤ ਦੇਖਣਾ ਚਾਹੁੰਦਾ ਸੀ

ਸੋਨੇ ਦੀ ਚਿੜੀ ਚੋਰਾਂ ਹੱਥੋਂ ਜਿਸਨੇ ਆਣ ਛੁਡਾਈ ਸੀ,
ਦੇਸ਼ ਦੀ ਰਾਖੀ ਕਰਨ ਵਾਲਾ ਓਹ ਸੱਚਾ ਇਕ ਸਿਪਾਹੀ ਸੀ,
ਨਾਮ ਭਗਤ ਉਮਰ ਨਿਆਣੀ,ਸੋਚ ਉੱਚੀ ਓਹ ਰੱਖਦਾ ਸੀ,
ਜਿੰਦ ਮਲੂਕ ਜਿਹੀ ਦੇ ਅੰਦਰ ਇਨਕਲਾਬ ਦਾ ਭਾਂਬੜ ਭਖਦਾ ਸੀ,
ਇਕ ਅਜ਼ਾਦ ਦੇਸ਼ ਦਾ ਸੁਪਨਾ ਨੈਣੀ ਭਗਤ ਸਜਾਉਂਦਾ ਸੀ,
ਪਰ ਇਹ ਤਾਂ ਓਹ ਪੰਜਾਬ ਨਹੀ ਜੋ ਭਗਤ ਦੇਖਣਾ ਚਾਹੁੰਦਾ ਸੀ
ਪਰ ਇਹ ਤਾਂ ਓਹ ਦੇਸ਼ ਨਹੀ ਜੋ ਭਗਤ ਦੇਖਣਾ ਚਾਹੁੰਦਾ ਸੀ|

ਗਾਂਧੀਵਾਦ ਦੇ ਰਾਹ ਚਲ ਭਗਤ ਨੇ ਮਿੰਨਤਾਂ ਕਰ ਕੇ ਦੇਖ ਲਈਆਂ,
ਓਹ ਹੁਕਮਰਾਨ ਨਹੀ ਮੰਨਦੇ ਸੀ,ਲਾਠੀਆਂ ਤਨ ਤੇ ਜ਼ਰ ਕੇ ਦੇਖ ਲਈਆਂ,
ਅੱਖਾਂ ਸਾਵੇਂ ਮੌਤ ਲਾਲਾ ਦੀ ਇਕ ਕੰਮ ਚਿੰਗਾਰੀ ਦਾ ਕਰ ਗਈ,
ਫ਼ਿਰ ਇਨਕਲਾਬ ਦੀ ਹਨੇਰੀ ਗੋਰੀ ਸਰਕਾਰ ਦੇ ਸਿਰ ਨੂੰ ਚੜ੍ਹ ਗਈ,
ਕਹਿੰਦੇ ਹੁਣ ਗੋਰੇ ਭਜਾਉਣੇ ਹਰ ਦਿਲ ਇਹ ਨਾਅਰਾ ਲਾਉਂਦਾ ਸੀ,
ਪਰ ਇਹ ਤਾਂ ਓਹ ਪੰਜਾਬ ਨਹੀ ਜੋ ਭਗਤ ਦੇਖਣਾ ਚਾਹੁੰਦਾ ਸੀ
ਪਰ ਇਹ ਤਾਂ ਓਹ ਦੇਸ਼ ਨਹੀ ਜੋ ਭਗਤ ਦੇਖਣਾ ਚਾਹੁੰਦਾ ਸੀ|

ਬਦਲਾ ਲੈਣ ਲਈ "ਭਗਤ" ਨੇ "ਸਾਂਡਰਸ" ਨੂੰ ਪਾਰ ਬੁਲਾ ਦਿੱਤਾ,
ਗੋਰੀ ਸਰਕਾਰ ਦੀ ਚਿਤਾ ਨੂੰ ਇੱਕ ਲਾਂਬੂ ਓਹਨੇ ਲਾ ਦਿੱਤਾ,
"ਆਜ਼ਾਦ" ਨਾਲ ਮਿਲ "ਭਗਤ" ਹੁਣ ਇੱਕ ਤੂਫ਼ਾਨ ਜਿਹਾ ਬਣ ਗਿਆ,
ਅਲੜ੍ਹ ਜਿਹੀ ਉਮਰ ਦਾ ਮੁੰਡਾ ਸਾਰੇ ਦੇਸ਼ ਦੀ ਜਾਨ ਬਣ ਗਿਆ,
ਇੱਕ ਦਿਨ ਲਾੜੀ ਮੌਤ ਵਿਹਾਉਣੀ ਓਹ ਸਭ ਨੂੰ ਆਖ ਸੁਣਾਉਂਦਾ ਸੀ,
ਪਰ ਇਹ ਤਾਂ ਓਹ ਪੰਜਾਬ ਨਹੀ ਜੋ ਭਗਤ ਦੇਖਣਾ ਚਾਹੁੰਦਾ ਸੀ
ਪਰ ਇਹ ਤਾਂ ਓਹ ਦੇਸ਼ ਨਹੀ ਜੋ ਭਗਤ ਦੇਖਣਾ ਚਾਹੁੰਦਾ ਸੀ|

ਬੰਬ Assembly ਵਿੱਚ ਸੁੱਟ ਕੇ ਜੜ੍ਹ ਗੋਰੀ ਸਰਕਾਰ ਦੀ ਹਿਲਾ ਦਿੱਤੀ,
ਗੋਰੇ ਗਿੱਦੜਾਂ ਵਾਂਗੂ ਭੱਜਦੇ ਸੀ,ਸੱਚੇ ਸ਼ੇਰ ਨੇ ਭਾਜੜ ਪਾ ਦਿੱਤੀ,
ਭਗਤ ਸਿੰਘ ਦੀ ਗਿਰਫ਼ਤਾਰੀ ਗੋਰੇਆਂ ਨੂੰ ਮਹਿੰਗੀ ਪੈ ਗਈ,
ਜੋ ਸੋਚ ਭਗਤ ਦੀ ਇੱਕਲੀ ਸੀ,ਹੁਣ ਸਾਰੇ ਦੇਸ਼ ਦੇ ਕੰਨੀ ਪੈ ਗਈ,
ਪੇਸ਼ੀਆਂ ਇਕ ਜ਼ਰੀਆ ਸੀ,ਭਗਤ ਸੋਚ ਸਰਕਾਰੀ ਸਭ ਨੂੰ ਦੱਸਣਾ ਚਾਹੁੰਦਾ ਸੀ,
ਪਰ ਇਹ ਤਾਂ ਓਹ ਪੰਜਾਬ ਨਹੀ ਜੋ ਭਗਤ ਦੇਖਣਾ ਚਾਹੁੰਦਾ ਸੀ
ਪਰ ਇਹ ਤਾਂ ਓਹ ਦੇਸ਼ ਨਹੀ ਜੋ ਭਗਤ ਦੇਖਣਾ ਚਾਹੁੰਦਾ ਸੀ|

23 ਮਾਰਚ ਸੰਨ 1931 ਜਦ ਭਗਤ ਨੇ ਫ਼ਾਂਸੀ ਚੁੰਮੀ ਸੀ,
ਵਕਤ ਦੀ ਚੱਕੀ ਓਦੋਂ ਗੋਰਿਆਂ ਦੀ ਪੁੱਠੇ ਪਾਸੇ ਘੁੰਮੀ ਸੀ,
ਹੱਸ ਕੇ ਮੌਤ ਭਗਤ ਸਿੰਘ ਨੇ ਗਲ ਆਪਣੇ ਨਾਲ ਲਾਈ,
ਰਾਜਗੁਰੂ-ਸੁਖਦੇਵ ਦੇ ਹਿੱਸੇ ਵੀ ਬੱਸ ਜ਼ੁਲਮ ਦੀ ਫ਼ਾਂਸੀ ਆਈ,
ਤਿੰਨਾਂ ਸ਼ੇਰਾਂ ਵਿੱਚੋਂ ਇੱਕ ਵੀ ਮਰਨੋਂ ਮੂਲ ਨਾ ਘਬਰਾਉਂਦਾ ਸੀ,
ਪਰ ਇਹ ਤਾਂ ਓਹ ਪੰਜਾਬ ਨਹੀ ਜੋ ਭਗਤ ਦੇਖਣਾ ਚਾਹੁੰਦਾ ਸੀ
ਪਰ ਇਹ ਤਾਂ ਓਹ ਦੇਸ਼ ਨਹੀ ਜੋ ਭਗਤ ਦੇਖਣਾ ਚਾਹੁੰਦਾ ਸੀ|

ਅੱਜ ਵੀ ਕੁਰਸੀਆਂ ਓਹੀ ਨੇ ਬਸ ਹੁਕਮਰਾਨ ਬਦਲਦੇ ਨੇ,
ਨਿੱਤ ਹੁਣ ਕੋਈ ਭਗਤ ਮਰਦਾ,ਚਾਲਾਂ ਐਸੀਆਂ ਚੱਲਦੇ ਨੇ,
ਸਰਕਾਰ ਹੈ ਜਿੰਮੀਦਾਰ-ਰਾਜੇਆਂ ਦੀ,ਗਰੀਬ ਦਾ ਦੁੱਖ ਕਿਸਨੂੰ ਦਿਸਦਾ ਹੈ,
ਭੁਖਮਰੀ ਤੇ ਮਹਿੰਗਾਈ ਦੇ ਪੁੜਾਂ ਵਿੱਚ ਆਮ ਇਨਸਾਨ ਹੀ ਪਿਸਦਾ ਹੈ,
ਸ਼ਾਇਦ ਅਸੀਂ ਕਦੇ ਸਮਝੇ ਨੀ ਜੋ ਭਗਤ ਸਮਝਾਉਣਾ ਚਾਹੁੰਦਾ ਸੀ
ਖੁਦ ਬੁਝ ਕ ਓਹ ਆਪਣੀ ਸੋਚ ਦੀ ਜੋਤ ਜਗਾਉਣਾ ਚਾਹੁੰਦਾ ਸੀ,
ਪਰ ਇਹ ਤਾਂ ਓਹ ਪੰਜਾਬ ਨਹੀ ਜੋ ਭਗਤ ਦੇਖਣਾ ਚਾਹੁੰਦਾ ਸੀ
ਪਰ ਇਹ ਤਾਂ ਓਹ ਦੇਸ਼ ਨਹੀ ਜੋ ਭਗਤ ਦੇਖਣਾ ਚਾਹੁੰਦਾ ਸੀ|

ਆ "ਢੀਂਡਸੇ" ਸ਼ਹਾਦਤ ਭਗਤ ਦੀ ਨੂੰ ਅਜਾਈਂ ਨਾ ਬਰਬਾਦ ਕਰੀਏ,
ਦਾਜ,ਜੁਰਮ,ਭਰੂਣ ਹੱਤਿਆ ਦੇ ਪ੍ਰੇਤਾਂ ਕੋਲੋਂ ਮੁਲਕ ਆਪਣਾ ਆਜ਼ਾਦ ਕਰੀਏ,
ਕਰੋ ਕੋਸ਼ਿਸ਼ ਕ ਹੁਣ ਕੋਈ ਨਸ਼ੇਆਂ ਨੂੰ ਜਿੰਦ ਆਪਣੀ ਖੁਆਵੇ ਨਾ,
ਕਿਸੇ ਦੀਨ-ਦੁਖੀ ਦਾ ਹੱਕ ਕਦੇ ਭੁੱਲ ਕੇ ਵੀ ਮਰਿਆ ਜਾਵੇ ਨਾ,
ਸਿਰਫ਼ ਨਾਂ ਦੀ ਨਹੀਂ ਓਹ ਖਿਆਲਾਂ ਦੀ ਅਜ਼ਾਦੀ ਚਾਹੁੰਦੀ ਸੀ,
ਇਹ ਹੈ ਓਹ ਪੰਜਾਬ ਜੋ ਭਗਤ ਸਿੰਘ ਦੇਖਣਾ ਚਾਹੁੰਦਾ ਸੀ
ਇਹ ਹੈ ਓਹ ਦੇਸ਼ ਜੋ ਭਗਤ ਸਿੰਘ ਦੇਖਣਾ ਚਾਹੁੰਦਾ ਸੀ|

writer manpreet dhindsa
 
Top