ਆਪਣੇ ਪਰਾਏ ਦੀ ਤੂੰ ਕੀਤੀ ਨਾ ਪਛਾਣ ਵੇ


ਆਪਣੇ ਪਰਾਏ ਦੀ ਤੂੰ ਕੀਤੀ ਨਾ ਪਛਾਣ ਵੇ
ਸੂਲੀ ਉੱਤੇ ਟੰਗ ਗਿਆ ਕਾਹਨੂੰ ਮੇਰੀ ਜਾਨ ਵੇ

ਕਿਹਾ ਸੀ ਤੂੰ ਨਿਭ ਜਾਉ ਸਾਡੀ ਤਾਂ ਹਸ਼ਰ ਤਕ
ਕਸਮਾਂ ਤੇ ਵਾਧੇ ਦੱਸ ਕਿਥੇ ਉਹ ਜ਼ੁਬਾਨ ਵੇ

ਬਿਰਹਾ ਦੀ ਅੱਗ ਨਾਲ ਰਿਹਾ ਸਾਡਾ ਰਾਬਤਾ
ਵਸਲਾਂ ਦੀ ਕਿਦਾਂ ਦੱਸ ਹੋਣੀ ਪਹਿਚਾਨ ਵੇ

ਇਸ਼ਕ ਦਾ ਮੁੱਲ ਹੁੰਦਾ ਕੀ ਏ ਤੈਨੂੰ ਪਤਾ ਨਹੀਂ
ਇੱਕ ਪਾਸੇ ਯਾਰ ਦੂਜੇ ਪਾਸੇ ਇਹ ਜਹਾਨ ਵੇ

ਰਹਿੰਦੇ ਜਦੋਂ ਸੱਖਣੇ ਬਨੇਰੇ ਬਿਨਾ ਕਾਗ ਦੇ
ਕਿਸਦੀ ਉਡੀਕ ਕਰਾਂ ਕਿਸ ਉੱਤੇ ਮਾਨ ਵੇ

ਸੱਚੇ ਯਾਰ ਸੱਜਨਾ ਨਸੀਬਾਂ ਨਾਲ ਮਿਲਦੇ
ਰੱਬ ਰੁੱਸ ਜਾਏ ਨਾ ਰੁੱਸੇ ਕਦੀ ਹਾਣ ਵੇ

ਬੁੱਤ ਬੇਜਾਨ ਬਿਨਾ ਰੂਹ ਦੇ ਵਜੂਦ ਤੋਂ
ਕੱਢ ਕੇ ਤੂੰ ਲੈ ਗਿਆ ਏਂ ਸੋਹਲ ਮੇਰੀ ਜਾਨ ਵੇ

ਆਰ.ਬੀ.ਸੋਹਲ
 
Top