ਆਓ ਨੀ ਭੈਣੋਂ ਰਲ ਗਾਵੀਏ ਘੋੜੀਆਂ

BaBBu

Prime VIP
ਆਓ ਨੀ ਭੈਣੋਂ ਰਲ ਗਾਵੀਏ ਘੋੜੀਆਂ,
ਜੰਞ ਤਾਂ ਹੋਈ ਏ ਤਿਆਰ ਵੇ ਹਾਂ।
ਮੌਤ ਕੁੜੀ ਨੂੰ ਪਰਣਾਵਣ ਚੱਲਿਆ,
ਭਗਤ ਸਿੰਘ ਸਰਦਾਰ ਵੇ ਹਾਂ।
ਫ਼ਾਂਸੀ ਦੀ ਟੋਪੀ ਵਾਲਾ ਮੁਕਟ ਬਣਾ ਕੇ,
ਸਿਹਰਾ ਤਾਂ ਬੱਧਾ ਝਾਲਰਦਾਰ ਵੇ ਹਾਂ।
ਭਾਰਤ ਮਾਤਾ ਉੱਤੋਂ ਚੰਦਾ ਚਾ ਕੀਤਾ,
ਪਾਣੀ ਤਾਂ ਪੀਤਾ ਉੱਤੋਂ ਵਾਰ ਵੇ ਹਾਂ।
ਹੰਝੂਆਂ ਦੇ ਪਾਣੀ ਨਾਲ ਭਰ ਕੇ ਘੜੋਲੀ,
ਲਹੂ ਦੀ ਰਾਖੀ ਮੌਲੀ ਤਾਰ ਵੇ ਹਾਂ।
ਖ਼ੂਨੀ ਮਹਿੰਦੀ ਚਾ ਤੈਨੂੰ ਲਾਈ ਫ਼ਿਰੰਗੀਆਂ,
ਹੱਥਕੜੀਆਂ ਦਾ ਗਾਨਾ ਤਿਆਰ ਵੇ ਹਾਂ।
ਫ਼ਾਂਸੀ ਦੇ ਤਖ਼ਤੇ ਨੂੰ ਖਾਰਾ ਬਣਾ ਕੇ,
ਬੈਠਾ ਤਾਂ ਚੌਂਕੜੀ ਮਾਰ ਵੇ ਹਾਂ।
ਵਾਗ-ਫੜਾਈ ਵੇ ਤੈਥੋਂ ਭੈਣਾਂ ਨੇ ਮੰਗਣੀ,
ਭੈਣਾਂ ਦਾ ਰੱਖੀਂ ਵੀਰਾ ਭਾਰ ਵੇ ਹਾਂ।
ਮਾਤਮੀ ਵਾਜੇ ਵਜਦੇ ਬੂਹੇ ਭਾਰਤ ਦੇ,
ਮਾਰੂ ਦਾ ਰਾਗ ਉਚਾਰ ਵੇ ਹਾਂ।
ਬਾਬਲ ਗਾਂਧੀ ਧਰਮੀ ਕਾਜ ਰਚਾਇਆ,
ਲਗਨ-ਮਹੂਰਤ ਵਿਚਾਰ ਵੇ ਹਾਂ।
ਹਰੀ ਕ੍ਰਿਸ਼ਨ ਤੇਰਾ ਬਣਿਆ ਵੇ ਸਾਂਢੂ,
ਢੁੱਕੇ ਤੁਸੀਂ ਇੱਕੇ ਵਾਰ ਵੇ ਹਾਂ।
ਰਾਜਗੁਰੂ ਤੇ ਸੁਖਦੇਵ ਸਹਿਬਾਲੜੇ,
ਤੁਰਿਆ ਏਂ ਤੂੰ ਤਾਂ ਵਿਚਕਾਰ ਵੇ ਹਾਂ।
ਪੈਂਤੀ ਕਰੋੜ ਤੇਰੇ ਜਾਂਞੀ ਵੇ ਲਾੜਿਆ,
ਪੈਦਲ ਤੇ ਕਈ ਅਸਵਾਰ ਵੇ ਹਾਂ।
ਕਾਲੀਆਂ ਪੁਸ਼ਾਕਾਂ ਪਾ ਕੇ ਜੰਞ ਹੈ ਤੁਰ ਪਈ,
'ਤਾਹਿਰ' ਵੀ ਹੋਇਆ ਏ ਤਿਆਰ ਵੇ ਹਾਂ।
 
Top