ਅੱਜ ਆਖਾਂ ਸ਼ਾਹ ਮੁਹੰਮਦਾ

ਅੱਜ ਆਖਾਂ ਸ਼ਾਹ ਮੁਹੰਮਦਾ, ਮੈਂ ਕੌਮ ਮੇਰੀ ਦਾ ਹਾਲ
ਅੱਜ ਫੇਰ ਰਾਜੇ ਰਣਜੀਤ ਦਾ, ਮੈਨੂੰ ਡਾਢਾ ਆਵੇ ਖਿਆਲ
ਜੰਮੂ, ਚੰਬਾ, ਕਾਂਗੜਾ, ਉਹਨੇ ਕਿਲੇ ਨਿਵਾਏ ਢੇਰ
ਉਹ ਸਿੰਘ ਗੁਰੂ ਦਸਮੇਸ਼ ਦਾ, ਉਹਨੂੰ ਕਹਿਣ ਪੰਜਾਬੀ ਸ਼ੇਰ
ਕਸ਼ਮੀਰ ਪਿਸ਼ਾਵਰ ਚੀਨ ਵੀ ਨਾਲੇ ਤਿੱਬਤ ਤੇ ਮੁਲਤਾਨ
ਇਥੇ ਝੁਲਾਇਆ ਸੀ ਉਹਨੇ ਕੇਸਰੀ, ਸਿੰਘਾਂ ਦਾ ਨਿਸ਼ਾਨ
ਉਦੋਂ ਚੱਲਿਆ ਸਿੱਕਾ ਕੌਮ ਦਾ, ਉਹਦੇ ਸਿਰ ਤੇ ਸਜਿਆ ਤਾਜ
ਸਭ ਖੁਸ਼ੀਆਂ ਖੇੜੇ ਮਾਣਦੇ, ਹੋਇਆਂ ਖਾਲਸਿਆਂ ਦਾ ਰਾਜ
ਉਦੋਂ ਇਕ ‘ਪਹਾੜਾ’ ਉੱਠਿਆ, ਫਰੰਗੀਆਂ ਦਾ ਬਣਕੇ ਯਾਰ
ਉਹਨੇ ਦਗਾ ਕਮਾਇਆ ਕੌਮ ਨਾਲ, ਸਾਨੂੰ ਡਾਢਾ ਕੀਤਾ ਖੁਆਰ
ਅੱਜ ਲੱਖ ਪਹਾੜੇ ਕੂਕਦੇ, ਕੋਈ ਨਾ ਸਕੇ ਪਛਾਣ
ਇਥੇ ਸੂਰਮਿਆਂ ਦੀ ਕੌਮ ਦੀ, ਆਈ ਵਿਚ ਕੁੜਿੱਕੀ ਜਾਨ

ਅੱਜ ਸ਼ਾਮ ਸਿੰਘ ਸਰਦਾਰ ਦੀ, ਇਥੇ ਚਲਦੀ ਨਾ ਕੋਈ ਪੇਸ਼
ਉਹਦੇ ਵਾਰਸ ਜੇਲੀਂ ਡੱਕਤੇ, ਅੱਜ ਪਾ ਕੇ ਝੂਠੇ ਕੇਸ
ਅੱਜ ਨਲੂਆ ਨਜ਼ਰ ਨਾ ਆਂਵਦਾ, ਜਿਹੜਾ ਦੁਸ਼ਮਣ ਦੇਵੇ ਠੱਲ੍ਹ
ਇਥੇ ਪਾਉਂਦੇ ਹੱਥ ਦਸਤਾਰ ਨੂੰ, ਜਿਹੜੇ ਕਦਮਾਂ ’ਚ ਰੁਲਦੇ ਕੱਲ੍ਹ
ਅੱਜ ਰੂਹ ਰਾਜੇ ਰਣਜੀਤ ਦੀ, ਪਿੱਟ-ਪਿੱਟ ਪਾਉਂਦੀ ਵੈਣ
ਅੱਜ ਹਾਲ ਕੌਮ ਦਾ ਵੇਖ ਕੇ, ਰਾਣੀ ਜਿੰਦਾਂ ਵੀ ਬੇਚੈਨ

ਅੱਜ ਵੇਖ ਜਵਾਨੀ ਕੌਮ ਦੀ, ਮੇਰੇ ਦਿਲ ਨੂੰ ਪਹੁੰਚੇ ਠੇਸ
ਉਹਦੇ ਲੱਖਾਂ ਪੁੱਤ ਦਲੀਪ ਅੱਜ, ਫਿਰਨ ਕਟਾਈ ਕੇਸ
ਮੇਰੀ ਜੋਦੜੀ ਸ਼ਾਹ ਮੁਹੰਮਦਾ, ਤੂੰ ਸੁਣ ਲਈਂ ਅੱਜ ਜਰੂਰ
ਕਦੇ ਉਹਦੇ ਪੁੱਤ ਦਲੀਪ ਤੋਂ, ਖੋਹ ਲਿਆ ਸੀ ਕੋਹਿਨੂਰ
ਅੱਜ ਹੀਰੇ ਪੁੱਤਰ ਦਸਮੇਸ਼ ਦੇ, ਇੱਥੇ ਚੁਣ-ਚੁਣ ਦਿੱਤੇ ਮਾਰ
ਲਾਲ ਸਿਹੁੰ ਤੇ ਤੇਜ ਸਿਹੁੰ ਜਿਹੇ, ਜੰਮ ਪਏ ਕਈ ਗ਼ੱਦਾਰ
ਗੰਗੂ ਦਿਆਂ ਇਥੇ ਵਾਰਸਾਂ, ਸਾਨੂੰ ਸਮਝ ਲਿਆ ਅੱਜ ਕਾਇਰ
ਭੁੱਲੇ ਊਧਮ ਸਿੰਘ ਸਰਦਾਰ ਨੂੰ, ਇਥੇ ਬਣ ਗਏ ਕਈ ਓਡਵਾਇਰ
ਅੱਜ ਸਿਲਾ ਚੁਕਾਇਆ ਜ਼ਾਲਮਾਂ, ਜੋ ਕੀਤੇ ਸੀ ਉਪਕਾਰ
ਅੱਜ ਵਾਰਸ ਨੌਵੇਂ ਗੁਰੂ ਦੇ, ਵਿਚ ਹਿੰਦ ਦੇ ਹੋਣ ਖੁਆਰ
ਧੁਰਾ ਸੀ ਜੋ ਸਿੱਖ ਕੌਮ ਦਾ, ਸਿਫਤੀ ਦਾ ਕਹਿੰਦੇ ਘਰ
ਉਹਨੂੰ ਕਹਿ ਦੇਈਂ ਛਾਉਣੀ ਬਣ ਗਿਆ, ਅੱਜ ਤੇਰਾ ਅੰਮ੍ਰਿਤਸਰ
ਅੱਜ ਦੇਖ ਸਰੋਵਰ ਰਾਜਿਆ, ਸਾਡੇ ਖੂਨ ਨਾ’ ਲਾਲੋ ਲਾਲ
ਕਾਹਤੋਂ ਨਾਂ ਦੱਸ ਕੌਮ ਨੂੰ, ਅੱਜ ਆਵੇ ਤੇਰਾ ਖਿਆਲ
ਅੱਜ ਹੱਸ ਸ਼ਹੀਦੀ ਪਾ ਗਏ, ਇਥੇ ਸਿੰਘ ਸਰਦਾਰ
ਜੋ ਚੜ੍ਹਕੇ ਵੈਰੀ ਆਏ ਸੀ, ਉਹਨਾਂ ਚੁਣ-ਚੁਣ ਦਿੱਤੇ ਮਾਰ
ਮੇਰਾ ਭਿੰਡਰਾਂਵਾਲਾ ਸੂਰਮਾ, ਉਹ ਕਲਗੀਧਰ ਦਾ ਲਾਲ
ਉਹਨੇ ਪਾਈ ਸ਼ਹੀਦੀ ਹੱਸ ਕੇ, ਉਹਦਾ ਵੱਖਰਾ ਜਾਹੋ ਜਲਾਲ
ਸਿੰਘਾਂ ਹੱਸ ਫੈਲਾਈਆਂ ਛਾਤੀਆਂ, ਦਿੱਤੇ ਤੋਪਾਂ ਦੇ ਮੂੰਹ ਮੋੜ
ਉਥੇ ਖੂਨ ਹਿੰਦ ਦੀ ਫੌਜ ਦਾ, ਦਿੱਤਾ ਨਿੰਬੂ ਵਾਂਗ ਨਿਚੋੜ
ਇਕ ਜਨਰਲ ਸਿੰਘ ਸੁਬੇਗ ਸੀ, ਸੂਰਮਾ ਬੜਾ ਦਲੇਰ
ਉਹਨੇ ਚੁਣ ਚੁਣ ਵੈਰੀ ਮਾਰ ’ਤੇ, ਉਹ ਕਲਗੀਧਰ ਦਾ ਸ਼ੇਰ
ਉਹਦੇ ਹੱਥ ਵਿਚ ਫੌਜ ਪੰਜਾਬ ਦੀ, ਸੰਤਾਂ ਨੇ ਦਿੱਤੀ ਕਮਾਨ
ਉਹਨੇ ਹੱਸ ਕੇ ਖਾਧੀਆਂ ਗੋਲੀਆਂ, ਹੱਸ ਕੇ ਦਿੱਤੀ ਜਾਨ
ਜਾਲਮਾਂ ਢਾਹ ’ਤਾ ਤਖ਼ਤ ਅਕਾਲ ਨੂੰ, ਇਥੇ ਰੱਜ-ਰੱਜ ਕੀਤੇ ਫਾਇਰ
ਅੱਜ ਨਵੀਆਂ ਭਾਜੀਆਂ ਚਾੜ੍ਹੀਆਂ, ਸਾਡੇ ਗਲ ਵਿਚ ਪਾ ਕੇ ਟਾਇਰ
ਉਨ੍ਹਾਂ ਦਿੱਲੀ ਦੇ ਵਿਚ ਘੇਰ ਲਏ, ਨਿਹੱਥੇ ਸਿੰਘ ਸਰਦਾਰ
ਉਨ੍ਹਾਂ ਵਿਚ ਚਾਂਦਨੀ ਚੌਂਕ ਦੇ, ਉਹ ਕੋਹ-ਕੋਹ ਦਿੱਤੇ ਮਾਰ
ਕਲਗੀਧਰ ਦਿਆਂ ਵਾਰਸਾਂ ਨੂੰ, ਕਰਨ ਲਈ ਬਦਨਾਮ
ਇਥੇ ਵੈਰੀ ਚਾਲਾਂ ਚੱਲਦੇ ਤੇ ਲਾਉਂਦੇ ਸਾਡਾ ਨਾਮ
ਇਥੇ ਕਰਵਾਏ ਹਿੰਦ ਸਰਕਾਰ ਨੇ, ਕਈ ਕਨਿਸ਼ਕ ਵਰਗੇ ਕਾਂਡ
ਕਈ ਬੇਦੋਸ਼ੇ ਮਾਰ ਕੇ, ਦੇ ਤੀ ਸਾਡੇ ਹੱਥ ਕਮਾਂਡ
ਇਥੇ ਲੱਖਾਂ ਮਲਿਕ ਤੇ ਬਾਗੜੀ, ਝੱਲਦੇ ਝੂਠੇ ਕੇਸ
ਅੱਜ ਕੋਈ ਨਾ ਇਥੇ ਰਾਜਿਆ, ਕੌਮ ਤੇਰੀ ਦਾ ਦੇਸ
ਕਹਿ ਦੇਈਂ ਰਾਜੇ ਰਣਜੀਤ ਨੂੰ, ਤੂੰ ਤੱਕ ਆਪਣਾ ਪੰਜਾਬ
ਇਥੇ ਕੀਤੇ ਹਮਲੇ ਹਿੰਦ ਨੇ, ਸ਼ੇਰਾ ਆ ਕੇ ਦੇਹ ਜੁਆਬ
ਇਥੇ ਲਾਸ਼ਾਂ ਵੀ ਨਾ ਲੱਭੀਆਂ, ਛਿੜਿਆ ਮਾਰੂ ਰਾਗ

ਤੇਰੀਆਂ ਧੀਆਂ ਵਿਧਵਾ ਰੋਂਦੀਆਂ, ਉਜੜ ਗਏ ਸੁਹਾਗ
ਇਥੇ ਮਾਵਾਂ ਹਉਕੇ ਲੈਂਦੀਆਂ, ਨਾ ਮਿਲੇ ਭੈਣਾਂ ਨੂੰ ਵੀਰ
ਅਸੀਂ ਛਲਣੀ-ਛਲਣੀ ਹੋ ਗਏ, ਸਾਡੇ ਸੀਨੇ ਦਿੱਤੇ ਚੀਰ
ਬਿਨ ਰਾਜੇ ਰਣਜੀਤ ਤੋਂ, ਅਸੀਂ ਜਿੱਤੀ ਜੰਗ ਗਏ ਹਾਰ
ਉਹਨੂੰ ਅੱਜ ਉਡੀਕਦੇ ਅਸੀਂ ਹੱਥ ਵਿਚ ਲਈ ਤਲਵਾਰ
ਤੂੰ ਕਹਿ ਦੇਈਂ ਅੱਜ ਰਣਜੀਤ ਨੂੰ, ਉਹ ਜ਼ਰਾ ਨਾ ਲਾਵੇ ਦੇਰ
ਅੱਜ ਇਥੇ ਹਿੰਦ-ਪੰਜਾਬ ਦੀ ਜੰਗ ਛਿੜੀ ਦੁਬਾਰਾ ਫੇਰ


Poet:
ਸੁਖਦੀਪ ਸਿੰਘ ਬਰਨਾਲਾ
 
Top