ਅੰਮੜੀ ਦਾ ਇਕ ਬੂਟਾ

Saini Sa'aB

K00l$@!n!
ਇਕ ਵਾਰੀ ਇਕ ਬਾਬਲ ਨੇ,ਅੰਮੜੀ ਦਾ ਇਕ ਬੂਟਾ ਲਾਇਆ
ਛੇਤੀ ਕਿਤੇ ਜਵਾਨ ਨਾ ਹੋ ਜਾਏ,ਉਸ ਨੇ ਡਰ ਡਰ ਪਾਣੀ ਪਾਇਆ
ਲ਼ੋਕੀਂ ਆਖਣ ਭਾਂਬੜ ਅੱਗ ਦਾ,ਤੂੰ ਕਿਉਂ ਬੁੱਕਲ ਵਿਚ ਛੁਪਾਇਆ
ਬਾਹਰ ਤੱਤੀਆਂ ਵਾਵਾਂ ਵਗਦੀਆਂ,ਤੂੰ ਕਿਉਂ ਅੰਦਰ ਦੀਵਾ ਜਗਾਇਆ
ਸਮਾਜ ਡਰਾਵੇ ਬਾਬਲ ਨੂੰ,ਤੂੰ ਕਿਉਂ ਸੱਪਣੀ ਦੁੱਧ ਪਿਆਇਆ

ਸੁਣ ਕੇ ਡਰਾਵੇ ਬਾਬਲ ਨੇ,ਵਿਹੜੇ ਦੀ ਕੰਧ ਉਚੀ ਕਰਵਾਈ
ਫੁੱਲਾਂ ਵਰਗੀ ਧੀ ਦੇ ਦੁਆਲੇ,ਕੰਡਿਆਂ ਦੀ ਉਸ ਵਾੜ ਲਗਾਈ
ਫਿਰ ਜਵਾਨੀ ਇਸ ਬੂਟੇ ਨੂੰ,ਚੜਕੇ ਵਾਂਗ ਹਨੇਰੀ ਆਈ
ਘਰ ਦੀਆਂ ਉਚੀਆਂ ਕੰਧਾਂ ਉਪਰੋਂ,ਇਹੋ ਲੱਗਾ ਦੇਣ ਦਿਖਾਈ
ਬੱਗੇ ਵਾਲ ਬਾਬਲ ਦੇ ਹੋਏ,ਫਿਕਰਾਂ ਉਹਦੀ ਜਾਨ ਮੁਕਾਈ

ਅੰਤ ਬਾਬਲ ਨੇ ਪੁੱਟ ਇਹ ਬੂਟਾ,ਦੂਰ ਸਹੁਰੀਂ ਘਰ ਲਾਇਆ
ਸੱਸ ਕੁਪੱਤੀ ਟੱਕਰੀ ਮੂਹਰੇ,ਜਿਨ ਜਹਿਰ ਜੜਾਂ ਵਿਚ ਪਾਇਆ
ਦਾਜ ਦੇ ਮਿਹਣਿਆਂ ਵਾਲੀ ਵਾ ਨਾਲ,ਗਿਆ ਪੱਤ ਪੱਤ ਕਮਲਾਇਆ
ਬਣੀ ਔਰਤ ਹੀ ਔਰਤ ਦੀ ਵੈਰਨ,ਰੱਬ ਨੇ ਇਹ ਕੀ ਖੇਲ ਬਣਾਇਆ
ਫਿਰ ਹੋਈ ਮਿਹਰ ਰੱਬ ਦੀ,ਉਹਦੀ ਕੁੱਖ ਨੂੰ ਭਾਗ ਸੀ ਲਾਇਆ
ਲੱਗੀ ਜੜ ਇਕ ਹੋਰ ਰੁੱਖ ਦੀ,ਹੋਰ ਚਿਰਾਗ ਵਿਹੜੇ ਰੁਸ਼ਨਾਇਆ
ਆਪਣੀਆਂ ਰਗਾਂ ਦਾ ਲਹੂ ਪਿਆ ਕੇ,ਗੱਭਰੂ ਪੁੱਤ ਜਵਾਨ ਕਰਾਇਆ
ਪਤੀ ਮਰ ਗਿਆ ਜੋਬਨ ਰੁਤੇ,ਪੁੱਤ ਦੇ ਸਿਰ ਤੇ ਰੰਡ ਹੰਡ੍ਹਾਇਆ

ਅੰਤ ਹੋਣੀ ਨੇ ਕਹਿਰ ਕਮਾਇਆ,ਪੁੱਤ ਨਸ਼ਿਆਂ ਵਿਚ ਪੈ ਗਿਆ
ਵਰ੍ਹਿਆਂ ਬਾਅਦ ਅੱਜ ਇਸ ਬੂਟੇ ਦੇ,ਘੁਣ ਜੜਾਂ ਨੂੰ ਪੈ ਗਿਆ
ਪੱਕਿਆ ਫਲ਼ ਇਹਦੀ ਟਾਹਣ ਤੋਂ,ਇਕ ਝੱਖੜ ਹੂੰਝ ਕੇ ਲੈ ਗਿਆ
ਚੜ ਕੇ ਪੁੱਤ ਨਸ਼ਿਆਂ ਦੀ ਅਰਥੀ,ਜਾ ਸਿਵਿਆਂ ਵਿਚ ਬਹਿ ਗਿਆ

ਫਲ ਨੂੰ ਝੜਦਾ ਦੇਖ ਇਹ ਬੂਟਾ,ਫਿਰ ਖੜਾ ਖੜਾ ਹੀ ਸੁੱਕ ਗਿਆ
ਠੰਡੀਆਂ ਠੰਡੀਆਂ ਛਾਵਾਂ ਦਿੰਦਾ,ਹੋਣੀ ਅੱਗੇ ਝੁਕ ਗਿਆ
ਚਾਨਣ ਵੰਡਦਾ ਉੱਜਲਾ ਸੂਰਜ,ਜਾ ਬੱਦਲਾਂ ਵਿਚ ਲੁਕ ਗਿਆ
ਕੁਲਵੀਰ ਉਹ ਮਾਵਾਂ ਕਿੱਥੇ ਬਚਦੀਆਂ,ਚੜਦੀ ਉਮਰੇ ਜਿਨਾਂ ਦਾ ਪੁੱਤ ਗਿਆ

ਕੁਲਵੀਰ ਸਹੋਤਾ —
 
Top