ਮੈਨੂੰ ਸ਼ਿਕਾਇਤ ਬਾਬਲ ਤੇ ਜੰਮਦੀ ਦਾ ਗਲਾ ਨਾ ਘੁੱਟਿ&#25

ਮੈਨੂੰ ਸ਼ਿਕਾਇਤ ਬਾਬਲ ਤੇ ਜੰਮਦੀ ਦਾ ਗਲਾ ਨਾ ਘੁੱਟਿਆ।
ਸੁਫਨੇ ਸੁਰਗਾਂ ਦੇ ਦੇਕੇ ਮੈਨੂੰ ਨਰਕ ਵਿੱਚ ਲਿਆ ਸੁੱਟਿਆ।

ਓਸ ਚਮਨ ਨਾ ਬਹਾਰ ਆਉਂਦੀ ਜਿੱਥੇ ਕਲੀਆਂ ਲਹੂ ਲੁਹਾਣ,
ਓਹ ਧਰਤੀ ਬੰਜਰ ਹੋ ਜਾਂਦੀ ਜਿੱਥੇ ਧੀਆਂ ਹੰਝੂ ਵਹਾਣ
ਓਨਾਂ ਖੇਤਾਂ ਵਿੱਚ ਕਿਵੇਂ ਨੱਚਾਂ ਜਿੰਨਾਂ ਮੇਰਾ ਬਚਪਨ ਲੁੱਟਿਆ।

ਮੇਰੇ ਲਈ ਮਤਰੇਈ ਭਾਰਤ ਮਾਂ ਮੈਨੂੰ ਰੋਟੀ ਨਹੀਂ ਦਿੰਦੀ
ਕਰਾਂ ਜਿਦ ਰੋਟੀ ਲਈ ਤਾਂ ਡਰਾਵਾ ਕੈਦ ਦਾ ਦਿੰਦੀ
ਜਦੋਂ ਖੋਹ ਲਈ ਹੌਸਲਾ ਕਰਕੇ ਤਸੀਹੇ ਦੇਕੇ ਮੈਨੂੰ ਕੁੱਟਿਆ।

ਐਸੀ ਮਾਂ ਦੇ ਰਾਖਿਆਂ ਵਿਰੁੱਧ ਮੈਂ ਕਰਦੀ ਖੁੱਲੀ ਬਗਾਵਤ
ਇਨਕਲਾਬ ਦਾ ਬਿਗਲ ਵਜਾਕੇ ਸਈਓ ਲਿਆ ਦੇਣੀ ਮੈਂ ਕਿਆਮਤ
ਬਾਬਲਾ ਬਦਲਾ ਲੈਣਾ ਜਾਲਮਾਂ ਤੋਂ ਜਿੰਨਾ ਤੇਰਾ ਦਾਹੜਾ ਪੁੱਟਿਆ।

ਜਿਹੜੀ ਅਜਾਦੀ ਨੂੰ ਜਮਹੂਰੀ ਆਖੋ ਉਸ ਦੇਸ਼ਭਗਤਾਂ ਨੂੰ ਭੁਲਾਇਆ
ਲੋਕੀਂ ਮਾਲਕ ਜਿਹੜੇ ਤਖਤ ਦੇ ਗਦਾਰਾਂ ਨੇ ਜੱਦੀ ਬਣਾਇਆ
ਵਿਹਲੜ ਦੌਲਤ ਸਾਂਭਣ ਸਾਂਭਣ ਜੀਹਦੇ ਲਈ ਕਾਮਿਆਂ ਦਾ ਪਸੀਨਾ ਛੁੱਟਿਆ।

ਕੱਲ ਜੰਮਣ ਵਾਲੇ ਬੱਚੇ ਜੰਮਣ ਤੇ ਸ਼ਿਕਾਇਤ ਨਾ ਕਰਨ
ਇੱਕ ਜਮਹੂਰੀ ਦੇਸ਼ ਦੇ ਨਾਗਰਿਕ ਭੁੱਖ ਨਾਲ ਨਾ ਮਰਨ
ਐਸਾ ਸਮਾਜਵਾਦ ਲਿਆਣ ਲਈ ਇੱਥੇ ਮੇਰੀ ਰੂਹ ਮਨ ਜੁੱਟਿਆ।

 
Top