A Plea from a Saheed Singh's Daughter

Preeto

~Parnaam Shaheeda Nu~
ਅਸੀਂ ਵੀ ਇਕ ਇਨਸਾਨ ਹੀ ਹਾਂ ਤੇ, ਦਿਲ ਵੀ ਅੰਦਰ ਧੜਕ ਰਿਹਾ ।
ਮਾਂ ਦੀ ਮਮਤਾ ਤੇ ਪਿਉ ਦੀ ਗਲਵਕੜੀ , ਨੂੰ ਵੀ ਇਹੋ ਤਰਸ ਰਿਹਾ ॥
ਪਿਤਾ ਦੀ ਸ਼ਕਲ ਤਾਂ ਯਾਦ ਵੀ ਹੈ ਨਹੀਂ, ਤਸਵੀਰ ਦੇਖਦੇ ਰਹਿੰਦੇ ਹਾਂ ।
ਜਨਮ ਤਾਰੀਖਾਂ ਗਿਣ-ਗਿਣ ਕੇ ਅਸੀਂ , ਉਸਨੂੰ ਬਾਪੂ ਕਹਿੰਦੇ ਹਾਂ ॥
ਸਿੱਖੀ ਦੀ ਅਣਖ ਇੱਜਤ ਖਾਤਰ, ਮਾਪੇ ਸਾਡੇ ਤੁਰ ਗਏ ਸੀ ।
ਮੁੱਖ ਸਾਡੇ ਨੂੰ ਚੁੰਮ ਕੇ ਉਹੋ, ਕੌਮ ਹਵਾਲੇ ਕਰ ਗਏ ਸੀ ॥
ਕਿਸੇ ਨੇ ਫਾਸੀਂ ਕਿਸੇ ਨੇ ਗੋਲੀ, ਹਿੱਕਾਂ ਉੱਪਰ ਖਾਧੀ ਸੀ ।
ਕੌਮ ਸਾਡੀ ਨੂੰ ਸੁੱਖ ਮਿਲ ਜਾਵੇ, ਰੱਖੀ ਚਾਹਤ ਅਜ਼ਾਦੀ ਸੀ ॥
ਉਹ ਦਿਨ ਚਲ ਗਏ ਅੱਜ ਤਾਕਰ ਅਸੀਂ, ਕਦੇ ਵੀ ਮੁੱਖ ਤੋਂ ਹੱਸੇ ਨਹੀਂ ।
ਮਨਾਊ ਕੌਣ ਜੇ ਅਸੀਂ ਰੁਸ ਗਏ, ਇਸੇ ਲਈ ਕਦੇ ਰੁੱਸੇ ਨਹੀਂ ॥
ਬਾਕੀ ਬੱਚਿਆਂ ਵਾਂਗਰ ਜੇਕਰ, ਚਾਹਤ ਕਦੇ ਉੱਠ ਜਾਂਦੀ ਜਾਂ ।
ਫਿਰ ਸਮਝੀਦਾ ਇਹ ਖੁਸ਼ੀ ਤਾਂ ਸਾਡੇ ਮਨ ਨੂੰ ਭਾਉਦੀ ਨਾਂ ॥
ਕੋਈ ਗਿਆਰਵਾਂ ਕੋਈ ਇੱਕੀਵਾਂ ਜਨਮ ਦਿਨ ਮਨਾਉਦਾਂ ਹੈ ।
ਪਰ ਸਾਨੂੰ ਤਾਂ ਪਤਾ ਨਹੀਂ ਹੈ, ਇਹ ਸਾਲ ਕਦੋਂ ਚੜ ਆਉਦਾਂ ਹੈ ॥
ਸੁੱਤੇ ਪਏ ਜਾਂ ਇੱਕ ਰਾਤ ਨੂੰ , ਬਾਪੂ ਮਿਲਣ ਲਈ ਆਇਆ ਸੀ ।
ਕਿਉਂ ਛੱਡ ਗਿਆ ਤੇ ਕਿਸਦੀ ਖਾਤਰ, ਸਵਾਲ ਉਸਨੂੰ ਪਾਇਆ ਸੀ ॥
ਗਲਵਕੜੀ ਵਿੱਚ ਲੈ ਕੇ ਉਸਨੇ ਮੈਨੂੰ ਚੁੰਮਿਆ ਤੇ ਸਮਝਾਇਆ ਸੀ ।
ਕੌਮ ਦੇ ਸਿਰ ਤੇ ਪੱਗ ਰਹਿ ਜਾਵੇ, ਤਾਂ ਯਤੀਮ ਬਣਾਇਆ ਸੀ ॥
ਮੈਂ ਕਿਹਾ ਬਾਪੂ ਸਿੱਖ ਕੌਮ ਤਾਂ , ਬਣ ਗਈ ਇੱਕ ਖਿਡਾਉਣਾ ਹੈ ।
ਉਸਨੇ ਕਿਹਾ ਪੁੱਤਰ ਤੂੰ, ਕਲਗੀਧਰ ਦਾ ਹੁਕਮ ਵਜਾਉਣਾ ਹੈ ॥
ਪਿਤਾ ਦੀ ਜੇ ਹੁਣ ਯਾਦ ਆ ਜਾਵੇ, ਸੰਗਤ ਵਿੱਚ ਆ ਬਹਿੰਦੇ ਹਾਂ ।
ਜੇ ਕਿਤੇ ਮਮਤਾ ਜ਼ੋਰ ਪਾ ਜਾਵੇ, ਅੰਦਰ ਵੜ ਰੋ ਲੈਂਦੇ ਹਾਂ ॥
ਅਸੀਂ ਵੀ ਇਕ ਇਨਸਾਨ ਹੀ ਹਾਂ ਤੇ , ਦਿਲ ਵੀ ਅੰਦਰ ਧੜਕ ਰਿਹਾ ।
ਜਖਮ ਸਾਡੇ ਤੇ ਲੂਣ ਕਿਉਂ ਪਾਉਦੇਂ, ਇਸੇ ਲਈ ਇਹ ਤੜਪ ਰਿਹਾ ॥
ਸਿਰ ਤੋਂ ਕਿਉਂ ਦਸਤਾਰਾਂ ਲਾਹੁੰਦੇ, ਇਸੇ ਲਈ ਇਹ ਤੜਪ ਰਿਹਾ ॥
ਕਿਉਂ ਤੁਸੀਂ ਕੇਸ ਕਤਲ ਕਰਾਉਂਦੇ, ਇਸੇ ਲਈ ਇਹ ਤੜਪ ਰਿਹਾ ॥


Written by: Bibi Sukhjot Kaur d/o Saheed Bahi Sukhdev Singh Dharmi Fauji​
 
Top