ਦਸ਼ਮੇਸ਼ ਤੇਰੀ ਕੌਮ ‘ਤੇ ਝੁੱਲੀਆਂ ਬਥੇਰੀਆਂ

Saini Sa'aB

K00l$@!n!
ਦਸ਼ਮੇਸ਼ ਤੇਰੀ ਕੌਮ ‘ਤੇ ਝੁੱਲੀਆਂ ਬਥੇਰੀਆਂ,
ਬਚਦੇ ਰਹੇ ਆਂ ਰਹਿਮਤਾਂ ਸਿਰ ਉੱਤੇ ਤੇਰੀਆਂ,
ਲਿਖਿਆ ਜੋ ਡਾਹਢਾ ਧੁਰ ਤੋਂ ਮੁਕੱਦਰ ਨੇ ਮਾਰਿਆ,
ਦੁਸ਼ਮਨ ਨੇ ਮਾਰਿਆ ਕਦੇ ਰਹਿਬਰ ਨੇ ਮਾਰਿਆ,
ਦਸ਼ਮੇਸ਼ ਤੇਰੀ ਕੌਮ ‘ਤੇ …..


ਆਪੋ ‘ਚ ਲੜੇ ਬਾਜ਼ ਫਿਰ ਬਿੱਲੀ ਨੇ ਮਾਰਿਆ,
ਅੰਮ੍ਰਿਤਸਰ ਆਈ ਤੇੜ ਤਾਂ ਦਿੱਲੀ ਨੇ ਮਾਰਿਆ,
ਹੋ ਕੇ ਜ਼ਲੀਲ ਆਪਣੇ ਤੋਂ ਆਪਣੇ ਘਰੇ,
ਆਪਣੇ ਪਰਾਏ ਦੋਹਾਂ ਦੀ ਖਿੱਲੀ ਨੇ ਮਾਰਿਆ,
ਹੱਕ ਲਏ ਬਾਝੋਂ ਝੁਕ ਗਿਆ ਉਸ ਸਿਰ ਨੇ ਮਾਰਿਆ,
ਦੁਸ਼ਮਨ ਨੇ ਮਾਰਿਆ ਕਦੇ ਰਹਿਬਰ ਨੇ ਮਾਰਿਆ,
ਦਸ਼ਮੇਸ਼ ਤੇਰੀ ਕੌਮ ‘ਤੇ …..


ਭੋਲੇ ਨਹੱਕੇ ਪਿਸ ਜਾਂਦੇ ਪਿੜ ਵਿਚ ਜਨੂੰਨ ਦੇ,
ਇਕੋ ਵਤਨ ‘ਚ ਮਾਰੇ ਆਂ ਦੋਹਰੇ ਕਨੂੰਨ ਦੇ,
ਹੁੰਦਾ ਸਿਤਮ ਇਹ ਹੋਰ ਹੈ ਸੌਦਾ ਕੀ ਅਸਾਂ ਨਾਲ,
ਪਾਣੀ ਵੀ ਸਾਨੂੰ ਮਿਲਦਾ ਏ ਬਦਲੇ ‘ਚ ਖ਼ੂਨ ਦੇ,
ਪਾਣੀ ਬਿਨ ਹੋਈ ਜ਼ਮੀਨ ਬੰਜ਼ਰ ਨੇ ਮਾਰਿਆ,
ਦੁਸ਼ਮਨ ਨੇ ਮਾਰਿਆ ਕਦੇ ਰਹਿਬਰ ਨੇ ਮਾਰਿਆ,
ਦਸ਼ਮੇਸ਼ ਤੇਰੀ ਕੌਮ ‘ਤੇ …..


ਚਾਦਰ ਤਣੀ ਏਂ ਬਹੁਤਿਆਂ ਮੂੰਹਾਂ ‘ਤੇ ਭੇਖ਼ ਦੀ,
ਸਾਨੂੰ ਤਮਾਸ਼ੇ ਵਾਂਗਰਾਂ ਦੁਨੀਆਂ ਹੈ ਵੇਖਦੀ,
ਜਦ ਬੇਗੁਨਾਹ ਜਵਾਨੀਂ ਦੇ ਬਲਦੇ ਕਿਤੇ ਸਿਵੇ,
ਚੰਦਰੀ ਸਿਆਸਤ ਉਹਨਾਂ ‘ਤੇ ਰੋਟੀ ਹੈ ਸੇਕਦੀ,
ਦੋ ਪਾਸਿਆਂ ਦੇ ਯਾਰ ਨੇ ਦਿਲਬਰ ਨੇ ਮਾਰਿਆ,
ਦੁਸ਼ਮਨ ਨੇ ਮਾਰਿਆ ਕਦੇ ਰਹਿਬਰ ਨੇ ਮਾਰਿਆ,
ਦਸ਼ਮੇਸ਼ ਤੇਰੀ ਕੌਮ ‘ਤੇ …..


ਰੱਖਣਾ ਨਈ ਕਰਜ਼ ਪੈ ਜਾਵੇ ਕੁਝ ਵੀ ਸਹਾਰਨਾ,
ਹੈ ਆਪਣਾ ਲਾਹਿਆ ਕੌਮ ਨੇ ਆਪਣਾ ਉਤਾਰਨਾ,
ਮੁੱਕ ਸਕਦੇ ਆਂ ਫੇਰ ਜੇ ਨਜ਼ਰਾਂ ਤੂੰ ਫੇਰ ਲਏਂ,
‘ਦੇਬੀ’ ਇਕੱਲੀ ਮੌਤ ਨੇ ਸਾਨੂੰ ਕੀ ਮਾਰਨਾ,
ਤੇਰੇ ਤੋਂ ਉੱਖੜੀ ਸਾਡੀ ਇਹ ਨਜ਼ਰ ਨੇ ਮਾਰਿਆ,
ਦੁਸ਼ਮਨ ਨੇ ਮਾਰਿਆ ਕਦੇ ਰਹਿਬਰ ਨੇ ਮਾਰਿਆ,
ਦਸ਼ਮੇਸ਼ ਤੇਰੀ ਕੌਮ ‘ਤੇ …..
 
Top