ਗ਼ਜ਼ਲ/ਸ਼ਬਦੀਸ਼

ਮੇਰਾ ਅੰਬਰ ਹੀ ਨੀਵਾਂ ਸੀ, ਉਚੀ ਪਰਵਾਜ਼ ਕੀ ਭਰਦਾ
ਮੁਕਾ ਬੈਠਾ ਸਾਂ ਮੈਂ ਪੈਂਡਾ, ਅਗਲਾ ਕਦਮ ਕੀ ਧਰਦਾ

ਤੁਰਦੇ ਸਾਰ ਹੀ ਜੇ ਧਰਤ ਦਾ ਪਰਲਾ ਸਿਰਾ ਮਿਲ਼ ਜਾਏ
ਸਿੱਕੇ ਸੰਗ ਗੋਲ਼ ਹੋ ਗਈ ਆਤਮਾ ਚਪਟੀ ਕਿਵੇਂ ਕਰਦਾ

ਬੰਦਾ ਬੰਦਿਆਈ ਆਪਣੇ ਅੰਦਰੋਂ ਜਾਂ ਮਾਰ ਬਹਿੰਦਾ ਏ
ਓਦੋਂ ਹੀ ਮੰਚ 'ਤੇ ਆ ਕੇ 'ਸਾਈਂਂ' ਲਈ ਬੰਦਗੀ ਕਰਦਾ

ਮੈਂ ਚਿੜੀਆਂ ਨੂੰ ਬੁਲਾ, ਪੰਛੀ ਬਣਾਂ ਤੇ ਪਾ ਲਵਾਂ ਬਾਤਾਂ
ਬੰਦੇ ਤਾਂ ਬੁੱਝ ਲੈਂਦੇ ਨੇ, ਇਹਨਾਂ ਤੋਂ ਰੱਖ ਲਵਾਂ ਪਰਦਾ

ਹਜ਼ਾਰਾਂ ਪੰਛੀਆਂ ਦੇ ਰੁਦਨ ਲਈ, ਬਸ ਨੀਂਦ ਦੀ ਗੋਲ਼ੀ
ਬਿਰਖ਼ ਨੂੰ ਆਰੀ ਪਾਏ ਬਿਨ, ਲੱਕੜਹਾਰੇ ਦਾ ਨਹੀਂ ਸਰਦਾ

ਸੁਖ਼ਨਵਰ ਵਾਰਸਾ ਦੱਸੀਂ, ਰਾਂਝਾ ਕਿੰਜ ਛੇੜਦਾ ਮੰਗੂ
ਅਸਾਡੀ ਵੰਝਲੀ ਕੋਲ਼ੋਂ ਹੀਰਾਂ ਦਾ ਵੱਗ ਨਹੀਂ ਚਰਦਾ

ਸ਼ਿਕਾਰੀ ਹਾਂ, ਤਰਸ ਖਾਵਾਂ ਮੇਰੇ ਫਨ ਦੀ ਨਹੀਂ ਫਿਤਰਤ
ਹਾਂ ਪੱਕਾ ਭਾਰਤੀ ਮੋਰਾਂ 'ਤੇ ਭੁੱਲ ਕੇ ਵਾਰ ਨਹੀਂ ਕਰਦਾ

ਸੁਰਾਂ ਸੰਗ ਸਾਂਝ ਪਾ ਗਏ ਸ਼ਬਦ ਕੀ ਤੇਰੇ ਕੀ ਮੇਰੇ ਨੇ
ਰੂਹਾਂ ਨੂੰ ਇਲਮ ਹੈ, ਲੋਕਾਂ ਥੀਂ ਥੋੜ੍ਹਾ ਰੱਖ ਲਈਏਂ ਪਰਦਾ

ਪਿੱਤਲ 'ਤੇ ਝਾਲ ਸੋਨੇ ਦੀ, ਸਦੀਵੀ ਚਮਕਦੀ ਕੀਕਣ
ਰਾਜੇ ਦਾ ਤਖ਼ਤ ਡੋਲੇ ਤੋਂ, ਭਲਾ ਸਿਰ-ਤਾਜ ਕੀ ਕਰਦਾ

ਤੜਾਵਾਂ ਗ਼ਲਤ ਪਈਆਂ ਸਨ, ਗੁੱਡੀ ਅੰਬਰ 'ਤੇ ਕੀ ਟਿੱਕਦੀ
ਇਹਨੇ ਝੱਪ ਖਾ ਹੀ ਜਾਣਾ ਸੀ, ਕੀ ਪਿੰਨਾ ਡੋਰ ਦਾ ਕਰਦਾ
 
Top