ਗਜ਼ਲ , " ਮੈਂ ਸ਼ੀਸ਼ਾ ਹਾਂ " ਡਾ: ਜਗਤਾਰ

ਮੈਂ ਸ਼ੀਸ਼ਾ ਹਾਂ ਜਦੋਂ ਵੀ ਮੁਸਕਰਾਵੇਂ ਮੁਸਕਰਾਵਾਂਗਾ।
ਜ਼ਰਾ ਮੱਥੇ ‘ਤੇ ਵਟ ਵੇਖੇ, ਉਥਾਂਈਂ ਤਿੜਕ ਜਾਵਾਂਗਾ।

ਮੈਂ ਸੁਣਿਆ ਹੈ ਕਿ ਤੇਰੇ ਸ਼ਹਿਰ ਅਜ ਕਲ੍ਹ ਕਰਫ਼ਿਓ ਲੱਗੈ,
ਨਤੀਜਾ ਕੁਝ ਵੀ ਨਿਕਲੇ, ਪਰ ਮੈਂ ਆਵਾਂਗਾ ਮੈਂ ਆਵਾਂਗਾ।

ਜੇ ਬਣ ਕੇ ਬਿਰਖ ਤੂੰ ਉੱਗੀ ਤਾਂ ਤੇਥੋਂ ਜਰ ਨਹੀਂ ਹੋਣਾ,
ਜਾਂ ਬਿਜੜਾ ਬਣ ਕੇ ਤੇਰੀ ਹਰ ਲਗਰ ਤੇ ਘਰ ਬਣਾਵਾਂਗਾ।

ਕਦੇ ਜੁਗਨੂੰ, ਕਦੇ ਤਾਰਾ, ਕਦੇ ਮੈਂ ਅੱਥਰੂ ਬਣ ਕੇ,
ਤਿਰੇ ਵਿਹੜੇ, ਕਦੇ ਝਿੰਮਣੀ ਤਿਰੀ ਤੇ ਝਿਲਮਿਲਾਵਾਂਗਾ।

ਮਿਰੀ ਨਗਰੀ ਹੈ ਜ਼ਹਿਰੀਲੀ ਤੇ ਘਰ ਦੀ ਧਰਤ ਪਥਰੀਲੀ,
ਲਿਜਾ ਕੇ ਰਾਤ ਦੀ ਰਾਣੀ ਮੈਂ ਕਿਸ ਵਿਹੜੇ ‘ਚ ਲਾਵਾਂਗਾ।

ਉਡੀਕਾਂ ਗਾ ਮੈਂ ਸਾਰੀ ਰਾਤ ਪਰ ਜੇ ਆ ਸਕੀ ਨਾ ਤੂੰ,
ਕਹੇਗੀ ਫਜਰ ਕੀ ਜਦ ਹਾਰ ਕੇ ਦੀਵੇ ਬੁਝਾਵਾਂਗਾ।

ਜੁਦਾ ਹੋਇਆ ਤਾਂ ਹੋਵਾਂਗਾ ਜੁਦਾ ਖ਼ੁਸ਼ਬੂ ਤਰ੍ਹਾਂ ਤੈਥੋਂ,
ਨਿਭੀ ਤਾਂ ਰੰਗ ਵਾਂਗੂੰ ਆਖ਼ਰੀ ਦਮ ਤਕ ਨਿਭਾਵਾਂਗਾ।

ਮੁਹੱਬਤ ਨਾਲ ਜਦ ‘ਜਗਤਾਰ’ ਨੂੰ ਸਦਿਆ ਬੁਲਾਇਆ ਤੂੰ,
ਹਵਾ ਰੁਮਕਣ ਤੇ ਅੱਖ ਝਮਕਣ ਤੋਂ ਪਹਿਲਾਂ ਪਹੁੰਚ ਜਾਵਾਂਗਾ।
 
Top