ਸੱਜਣਾ ਪੈਸੇ ਨਾਲ਼....

ਸੱਜਣਾ ਪੈਸੇ ਨਾਲ਼....
ਸੱਜਣਾ ਪੈਸੇ ਨਾਲ਼ ਮਿਲੇ ਸਰਦਾਰੀ ਅੱਜ ਕਲ੍ਹ।
ਖਾਤੇ ਰੱਜੇ ਪੁੱਜੇ ਨੀਤ ਭਿਖਾਰੀ ਅੱਜ ਕਲ੍ਹ।

ਹਰ ਰਿਸ਼ਤੇ ਦੀ ਕੀਮਤ, ਵਿਕਦੀ ਮੁੱਲ ਜਵਾਨੀ,
ਰੂਹ ਦੇ ਸੌਦੇ ਕਰਦੇ ਨਿੱਤ ਵਪਾਰੀ ਅੱਜ ਕਲ੍ਹ।

ਥੋੜ੍ਹੀ ਹੋਰ ਕਮਾਈ ਜੀ ਬਸ ਥੋੜ੍ਹੀ ਹੀ ਹੋਰ,
ਏਦਾਂ ਕਰਦੇ ਕਰਦੇ ਰੁੜ੍ਹ ਜਾਏ ਸਾਰੀ ਅੱਜ ਕਲ੍ਹ।

ਗ਼ੈਰ ਲਈ ਉਹ ਰੱਖਦੇ ਨੇ ਦਰਵਾਜ਼ਾ ਖੁੱਲ੍ਹਾ,
ਮੈਨੂੰ ਤਕ ਕੇ ਕਰ ਲੈਂਦੇ ਬੰਦ ਬਾਰੀ ਅੱਜ ਕਲ੍ਹ।

ਖ਼ੂਨ ਜਵਾਨਾਂ ਦਾ ਨਸ਼ਿਆਂ ਨੇ ਡੀਕ ਲਿਆ ਹੈ,
ਜੋਬਨ ਰੁੱਤੇ ਵੀ ਨੇ ਰੰਗ ਵਸਾਰੀ ਅੱਜ ਕਲ੍ਹ।

ਦੋ ਅੱਖਰ ਕੀ ਲਿਖ ਲਏ ਸਮਝਣ ਲੱਗ ਪਿਆ ਏਂ,
ਆਪਣੇ ਆਪ ਨੂੰ ਵੱਡਾ 'ਕੰਗ' ਲਿਖਾਰੀ ਅੱਜ ਕਲ੍ਹ।
 
Top