ਕਾਫ਼ੀ ਬੁਲ੍ਹੇ ਸ਼ਾਹ - ਇਸ਼ਕ ਦੀ ਨਵੀਉਂ ਨਵੀਂ ਬਹਾਰ

ਇਸ਼ਕ ਦੀ ਨਵੀਉਂ ਨਵੀਂ ਬਹਾਰ
ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ
ਮਸਜਿਦ ਕੋਲੋਂ ਜੀਉੜਾ ਡਰਿਆ
ਡੇਰੇ ਜਾ ਠਾਕੁਰ ਦੇ ਵੜਿਆ
ਜਿਥੇ ਵੱਜਦੇ ਨਾਦ ਹਜ਼ਾਰ
ਇਸ਼ਕ ਦੀ ਨਵੀਉਂ ਨਵੀਂ ਬਹਾਰ
ਜਾਂ ਮੈਂ ਰਮਜ਼ ਇਸ਼ਕ ਦੀ ਪਾਈ
ਮੈਨਾ ਤੋਤਾ ਮਾਰ ਗਵਾਈ
ਅੰਦਰ ਬਾਹਰ ਹੋਈ ਸਫ਼ਾਈ
ਜਿੱਤ ਵੱਲ ਵੇਖਾਂ ਯਾਰ-ਓ-ਯਾਰ
ਇਸ਼ਕ ਦੀ ਨਵੀਉਂ ਨਵੀਂ ਬਹਾਰ
ਹੀਰ ਰਾਂਝੇ ਦੇ ਹੋ ਗਏ ਮੇਲੇ
ਭੁੱਲੀ ਹੀਰ ਢੁਡੇਂਦੀ ਬੇਲੇ
ਰਾਂਝਾ ਯਾਰ ਬੁੱਕਲ ਵਿਚ ਖੇਲੈ
ਮੈਨੂੰ ਸੁਧ ਰਹੀ ਨਾ ਸਾਰ
ਇਸ਼ਕ ਦੀ ਨਵੀਉਂ ਨਵੀਂ ਬਹਾਰ
ਬੇਦ ਕੁਰਾਨਾਂ ਪੜ੍ਹ ਪੜ੍ਹ ਥੱਕੇ
ਸਜਦੇ ਕਰ ਦਿਆਂ ਘਸ ਗਏ ਮਥੇ
ਨਾ ਰੱਬ ਤੀਰਥ ਨਾ ਰੱਬ ਮੱਕੇ
ਜਿਸ ਪਾਇਆ ਤਿਸ ਨੂਰ ਅਨਵਾਰ
ਇਸ਼ਕ ਦੀ ਨਵੀਉਂ ਨਵੀਂ ਬਹਾਰ
ਫੂਕ ਮੁਸੱਲਾ ਭੰਨ ਸੁੱਟ ਲੋਟਾ
ਨਾ ਫੜ ਤਸਬੀਹ ਆਸਾ ਸੋਟਾ
ਆਸ਼ਿਕ ਕਹਿੰਦੇ ਦੇ ਦੇ ਹੋਕਾ
ਤਰਕ ਹਲਾਲੋਂ ਖਾ ਮੁਰਦਾਰ
ਇਸ਼ਕ ਦੀ ਨਵੀਉਂ ਨਵੀਂ ਬਹਾਰ
ਉਮਰ ਗਵਾਈ ਵਿਚ ਮਸੀਤੀ
ਅੰਦਰ ਭਰਿਆ ਨਾਲ ਪਲੀਤੀ
ਕਦੇ ਨਮਾਜ਼ ਤੌਹੀਦ ਨਾ ਨੀਤੀ
ਹੁਣ ਕੀ ਕਰਨਾਏਂ ਸ਼ੋਰ ਪੁਕਾਰ
ਇਸ਼ਕ ਦੀ ਨਵੀਉਂ ਨਵੀਂ ਬਹਾਰ
ਇਸ਼ਕ ਭੁਲਾਇਆ ਸਜਦਾ ਤੇਰਾ
ਹੁਣ ਕਿਉਂ ਐਂਵੇਂ ਪਾਵੇਂ ਝੇੜਾ
ਬੁਲ੍ਹਾ ਹੁੰਦਾ ਚੁੱਪ ਬਥੇਰਾ
ਇਸ਼ਕ ਕਰੇਂਦਾ ਮਾਰੋ ਮਾਰ
ਇਸ਼ਕ ਦੀ ਨਵੀਉਂ ਨਵੀਂ ਬਹਾਰ


-----------------------------------------------------------------------------------
ਠਾਕੁਰ। ਰੱਬ
ਮੀਨਾ। ਬੋਲਣ ਵਾਲੀ ਤੋਤੀ
ਬੇਲੇ। ਜੰਗਲ
ਬੇਦ।ਵੇਦ, ਚਾਰ ਵੇਦ, ਰਿਗ ਵੇਦ, ਸਾਮ ਵੇਦ, ਅੱਥਰ ਵੇਦ ਤੇ ਯਜੁਰ ਵੇਦ
ਅਨਵਾਰ। ਚਾਨਣ
ਮਸਲਾ। ਦਰੀ ਜਿਸ ਤੇ ਨਮਾਜ਼ ਪੜ੍ਹੀ ਜਾਂਦੀ ਹੈ
ਆਸਾ। ਮੌਲਾਨਾ ਲੋਕਾਂ ਦੇ ਹਥ ਵਿਚ ਫੜੀ ਖੂੰਡੀ
ਤਰਕ। ਛੱਡ ਦੇਣਾ, ਕਿਸੇ ਸ਼ੈਅ ਤੋਂ ਤੌਬਾ ਕਰ ਲੈਣਾ
ਤੌਹੀਦ। ਇਕਾਈ, ਆਮ ਤੌਰ ਤੇ ਰੱਬ ਦੇ ਇਕ ਹੋਵਣ ਲਈ ਵਰਤਿਆ ਜਾਂਦਾ ਹੈ
 
ਬੇਦ ਕੁਰਾਨਾਂ ਪੜ੍ਹ ਪੜ੍ਹ ਥੱਕੇ
ਸਜਦੇ ਕਰ ਦਿਆਂ ਘਸ ਗਏ ਮਥੇ
ਨਾ ਰੱਬ ਤੀਰਥ ਨਾ ਰੱਬ ਮੱਕੇ
ਜਿਸ ਪਾਇਆ ਤਿਸ ਨੂਰ ਅਨਵਾਰ
ਇਸ਼ਕ ਦੀ ਨਵੀਉਂ ਨਵੀਂ ਬਹਾਰ


kya gal kahi hi bulle shah ne
 
Top