ਜਦੋਂ ਤੂੰ ਕਿਹਾ ਸੀ, “ਕਦੇ ਮੇਰੇ ਬਾਰੇ ਲਿਖੀਂ “

Pardeep

๑۩۩๑┼●ℛŐŶ
ਜਦ ਕਦੇ ਮੈਂ ਤੇਰੇ ਬਾਰੇ ਲਿਖ਼ਣ ਬੈਠਦਾਂ,

ਪਤਾ ਨਹੀਂ ਕਿਉਂ ਇੱਕ ਖਿੱਚ ਜਿਹੀ ਪੈਂਦੀ

ਜੀਕਣ ਤੇਰੇ ਲਈ ਲਿਖੇ ਹਰ ਅੱਖਰ ਨਾਲ,

ਮੇਰੇ ਅੰਦਰੋਂ ਕੁਝ ਘਟਦਾ ਜਾ ਰਿਹਾ,

ਕਿਉਂ ਸੋਚ ਤੇ ਕਾਲ-ਪਹਿਰ ਆ ਜਾਂਦਾ,

ਕੁਝ ਸੁੰਗੜਦਾ ਜਾ ਰਿਹਾ ਮੇਰੇ ਅੰਦਰ

ਪਤਾ ਨਹੀਂ ਕਿਉਂ ਦੁਨੀਆ ਦੀ ਹਰ ਸ਼ੈਅ ਤੇ ਲਿਖ ਸਕਦਾਂ,

ਫਿਰ ਵੀ ਤੇਰਾ ਜ਼ਿਕਰ ਆਉਂਦਿਆਂ,

ਇੰਜ ਲੱਗਦਾ, ਜਿਵੇਂ ਯਾਦਾਂ ਰੁਦਨ ਕਰਦੀਆਂ,

ਮੇਰਾ ਲਿਖਿਆ ਮਿਟਾ ਰਹੀਆਂ ਨੇ,

ਜਿਉਂ ਇੱਕ ਇੱਕ ਅੱਖਰ ਲਿਖਣਾ,

ਮੇਰਾ ਰੱਤ ਨਿਚੋੜ ਰਿਹਾ, ਫੇਰ ਸੋਚਦਾਂ,

ਕਦੇ ਫਰਾਖ਼ਦਿਲੀ ਨਾਲ ਤੇਰੇ ਬਾਰੇ ਲਿਖਾਂ,

ਕਿਉਂ ਮੈਨੂੰ ਆਪਣਾ ਆਪ ਤੰਗ-ਦਿਲ ਜਿਹਾ ਲੱਗਦਾ,

ਜਦ ਤੇਰੇ ਨਾਲ ਕੀਤਾ ਇਕਰਾਰ ਯਾਦ ਆਉਂਦਾ,

“ਕਦੇ ਮੇਰੇ ਬਾਰੇ ਲਿਖੀਂ ” , ਤੂੰ ਮੈਨੂੰ ਕਿਹਾ ਸੀ,

ਫੇਰ ਯਾਦ ਆਉਂਦੀ, ਹਰ ਇੱਕ ਕੋਸ਼ਿਸ਼,

ਜੋ ਮੈਂ ਕੀਤੀ, ਜਦੋਂ ਹਰ ਇੱਕ ਅਲਫ਼ਾਜ਼,

ਸਿਮਟਦਾ ਜਾ ਰਿਹਾ ਅਤੀਤ ਦੀ ਕੁੱਖ ਚ‘,

ਇੰਜ ਲੱਗਦੈ ਜਿਵੇਂ ਮੈਂ ਤੇਰਾ ਗੁਨਾਹਗਾਰ ਹੋਵਾਂ,

ਕਲਮ ਮੇਰੇ ਹੱਥੋਂ ਡਿੱਗਦੀ ਜਾਂਦੀ

ਇੱਕ ਛੋਹ, ਇੱਕ ਅਹਿਸਾਸ ਮੇਰੇ ਤੇ ਹਾਵੀ ਹੁੰਦਾ,

ਇੱਕ ‘ਕਿਉਂ‘ ਜਿਸਦਾ ਜੁਆਬ ਲੱਭ ਰਿਹਾਂ,

ਕਿਉਂ ਮੈਂ ਤੇਰੇ ਬਾਰੇ ਲਿਖ ਨਹੀਂ ਸਕਿਆ

ਤੇਰੀ ਛੋਹ, ਤੇਰਾ ਤਸੱਵੁਰ, ਜਿਉਂ ਤਰੇਲ ਧੋਤੇ ਫੁੱਲ,

ਕਿੰਜ ਉਕਰ ਸਕਦਾਂ ਕੋਰੇ ਕਾਗਜ਼ ਤੇ,

ਤੇਰੀ ਮੋਹ ਭਰੀ ਤੱਕਣੀ, ਜਿਉਂ ਸੱਜਰੀ ਕੋਸੀ ਧੁੱਪ,

ਕਿਵੇਂ ਉਤਾਰ ਦੇਵਾਂ ਪੰਨਿਆਂ ਦੀ ਹਿੱਕ ਤੇ,

ਅਹਿਸਾਸ ਵਿਹੂਣਾ ਜ਼ਿਕਰ ਤੇਰਾ, ਮੈਨੂੰ ਮਨਜ਼ੂਰ ਨਹੀਂ,

ਸੰਜੋਈਆਂ ਯਾਦਾਂ ਦੀ ਕੰਧੋਲੀ ਤੇ,

ਕਾਲੀ ਸਿਆਹੀ ਦਾ ਪਰੋਲ਼ਾ,

ਸ਼ਾਇਦ ਮੈਨੂੰ ਮਨਜ਼ੂਰ ਨਹੀਂ,

ਪਰੀਤ ਵਿਗੁੱਚੇ ਬੋਲ ਤੇਰੇ, ਤੇਰੇ ਨੈਣਾਂ ਦੀ ਉਡੀਕ,

ਮੇਰੇ ਚੇਤੇ ਦੀ ਸਰਦਲ ਤੇ ਇੰਜ,

ਜਿਵੇਂ ਕੱਲ ਦੀ ਹੀ ਗੱਲ ਹੋਵੇ,

ਜਦੋਂ ਤੂੰ ਕਿਹਾ ਸੀ, “ਕਦੇ ਮੇਰੇ ਬਾਰੇ ਲਿਖੀਂ “…​
 
Top