ਸੁਨਹਿਰੀ ਸੋਚ ਦਾ ਦੀਪਕ,ਸਦਾ ਦਿਲ ਵਿਚ ਜਗਾਵੀਂ ਤੂੰ

ਗਜ਼ਲ

ਸੁਨਹਿਰੀ ਸੋਚ ਦਾ ਦੀਪਕ,ਸਦਾ ਦਿਲ ਵਿਚ ਜਗਾਵੀਂ ਤੂੰ i
ਹਨੇਰੇ ਪਨਪ ਨਾ ਜਾਵਣ, ਨਵਾਂ ਸੂਰਜ ਉਗਾਵੀਂ ਤੂੰ i

ਸਦਾ ਕਰਮਾਂ ਨੂੰ ਹੀ ਕੋਸੇਂ, ਜਦੋਂ ਟੁੱਟਦਾ ਕੋਈ ਤਾਰਾ,
ਕਿ ਦਿਲ ਨੂੰ ਕਹਿਕਸ਼ਾਂ ਦੇ ਪਰ,ਨਜ਼ਾਰੇ ਵੀ ਵਿਖਾਵੀਂ ਤੂੰ i

ਕਿ ਇੱਟਾਂ ਰੇਤ ਤੇ ਸੀਮਟ,ਹੀ ਮਿਲਕੇ ਘਰ ਨਹੀਂ ਬਣਦਾ,
ਮੁਹੱਬਤ ਦੀ ਵੀ ਇਸਦੇ ਵਿਚ,ਸਦਾ ਹੀ ਜਾਨ ਪਾਵੀਂ ਤੂੰ i

ਕੁਸੰਗਤ ਮਿਲ ਹੀ ਜਾਵੇਗੀ, ਸਦਾ ਹੀ ਵਿਚਰਦੇ ਤੈਨੂੰ,
ਕਿਤੇ ਪਰ ਦਾਗ ਨਾ ਲੱਗੇ, ਕਿ ਆਪਾ ਵੀ ਬਚਾਵੀਂ ਤੂੰ i

ਕਿਉਂ ਕਰਨਾ ਹੈ ਪਛਤਾਵਾ, ਅਖੀਰੀ ਉਮਰ ਵਿਚ ਆ ਕੇ,
ਸਮੇ ਸਿਰ ਜਾਗ ਅਕਲਾਂ ਦਾ ,ਹੀ ਬੱਚਿਆਂ ਨੂੰ ਲਗਾਵੀਂ ਤੂੰ i

ਉਠਾਵੀਂ ਨਾ ਕਦੇ ਕਰਜਾ, ਵਿਖਾਵੇ ਦੇ ਲਈ ਹਰਗਿਜ਼,
ਕਦੇ ਔਕਾਤ ਤੋਂ ਵਧ ਕੇ, ਇਸ਼ਾਵਾਂ ਨਾ ਵਧਾਵੀਂ ਤੂੰ i

ਕਿਓਂ ਗਮਗੀਨ ਹੀ ਹੋਣਾ, ਇਹ ਬੀਤਾ ਯਾਦ ਕਰ-ਕਰ ਕੇ,
ਬਣੇ ਸੁਥਰਾ ਭਵਿਖ ਲੇਕਿਨ ,ਸਮਾਂ ਹਥਲਾ ਸਜਾਵੀਂ ਤੂੰ i

ਕਿ ਵਾਧੇ ਤੋੜ ਕੇ ਸੋਹਲ , ਕਹਾਵੀਂ ਨਾ ਕਦੇ ਗਿਰਗਿਟ,
ਰਹੀਂ ਇਕਰਾਰ ਤੇ ਕਾਬਜ਼, ਸਦਾ ਵਾਧੇ ਪੁਗਾਵੀਂ ਤੂੰ i
ਆਰ.ਬੀ.ਸੋਹਲ​
 
Top