ਸਹਿਕਦੇ ਅਰਮਾਨ..>>>>

ਖਾਮੋਸ਼ ਬੇਸੁਰਤ ਹੋਈਆਂ ,ਫਿ਼ਜ਼ਾਵਾਂ ਦਾ ਕੀ ਦੋਸ਼, ਆਕੇ ਤਾਂ ਦੱਸ ,
ਸਦਾ ਵਸਲ ਲਈ ਤੜਫੀਆਂ, ਬਾਹਵਾਂ ਦਾ ਕੀ ਦੋਸ, ਆਕੇ ਤਾਂ ਦੱਸ ।

ਠੀਕ ਏ ਤੂੰ ਬਦਲ ਗਿਆ ,ਓਹਨਾ ਵਗਦੀਆਂ ਹਵਾਵਾਂ ਦੇ ਵਾਗੂੰ,
ਪਰ ਵਗਦੇ ਹੋਏ ਓਹਨਾ, ਸਾਹਵਾਂ ਦਾ ਕੀ ਦੋਸ਼ ,ਆ ਕੇ ਤਾਂ ਦੱਸ ।

ਉਹ ਤਾਂ ਅੱਜ ਵੀ ਤੈਨੂੰ ਉਡੀਕਦੇ ਨੇ , ਬੱਸ ਓਥੇ ਹੀ ਖੜੇ ਹੋਏ ,
ਰਾਹ ਤੇਰਾ ਤੱਕਦੇ ਓਹਨਾ, ਰਾਹਵਾਂ ਦਾ ਕੀ ਦੋਸ਼, ਆ ਕੇ ਤਾਂ ਦੱਸ ।

ਤੂੰ ਵੀ ਜਿੰਦਾ ਏਂ ਤੇ ਮੈਂ ਵੀ ਜਿੰਦਾ ਹਾਂ, ਕਤਲ ਤਾਂ ਦੋਸਤੀ ਦਾ ਹੋਇਆ ,
ਜੋ ਰੁੱਖਾਂ ਤੋਂ ਮਿਟੇ ਨਾ, ਓਹਨਾ ਨਾਵਾਂ ਦਾ ਕੀ ਦੋਸ਼, ਆ ਕੇ ਤਾਂ ਦੱਸ ।

ਥੱਲੇ ਦਰਿਆ ਦੋ ਵਗਦੇ ਰਹੇ , ਹੁੰਦਾ ਹੰਝੂਆਂ ਦਾ ਵਾਸ਼ਪੀਕਰਨ ,
ਉਤੋਂ ਰੋਦੀਆਂ ਜੋ ਲੰਘਦੀਆਂ ,ਘਟਾਵਾਂ ਦਾ ਕੀ ਦੋਸ਼ ,ਆ ਕੇ ਤਾਂ ਦੱਸ ।

ਕਬਰਸਤਾਨ ਸੀ ਦਿਲ ਮੇਰਾ, ਤੇਰੀਆਂ ਗਲਤੀਆਂ ਦਫਨਾਉਂਦਾ ਰਿਹਾ,
ਜੋ ਬਿਨਾ ਜੁਰਮ ਦਿੱਤੀਆਂ, ਸਜ਼ਾਵਾਂ ਦਾ ਕੀ ਦੋਸ਼ ,ਆ ਕੇ ਤਾਂ ਦੱਸ ।

ਨਫਰਤਾਂ ਦੇ ਖੰਜ਼ਰ ਨਾਲ ਤੂੰ, ਕਤਲ' ਕਰਦਾ ਰਿਹਾ ਖਾਅਬਾਂ ਦਾ ,
ਸਹਿਕਦੇ ਅਰਮਾਨ ਸਧਰਾਂ ,ਭਾਵਨਾਵਾਂ ਦਾ ਕੀ ਦੋਸ਼, ਆ ਕੇ ਤਾਂ ਦੱਸ ।

ਤਾਰੇ ਅੰਬਰਾਂ ਤੋਂ ਟੁੱਟਦੇ ਰਹੇ , ਹੱਥ ਦੁਆ ਦੇ ਲਈ ਉੱਠਦੇ ਰਹੇ ,
ਜੈਲੀ ਤੇਰੇ ਲਈ ਜੋ ਮੰਗੀਆਂ ,ਦੁਆਵਾਂ ਦਾ ਕੀ ਦੋਸ਼, ਆ ਕੇ ਤਾਂ ਦੱਸ ।
 
Top