ਅਜ਼ਲਾਂ ਤੋਂ ਤੇਰੀ ਦੀਦ ਦੇ ,

ਚੇਹਰਿਆਂ ਦੀ ਭੀੜ ਵਿੱਚੋਂ , ਫਿਰਾਂ ਨਕਸ਼ ਤੇਰੇ 'ਲੱਭਦਾ ,
ਅਜੇ ਵੀ ਤੇਰੀ ਭਾਲ ਵਿੱਚ , ਗਵਾਚਿਆ ਹਾਂ ਮੈਂ ਲੱਗਦਾ ।

ਨੈਣ ਪੱਥਰ ਨੇ ਹੋ ਗਏ , ਤੇਰਾ ਰਾਹ ਤੱਕਦੇ ਸੱਜਣਾ ਵੇ ,
ਏਨਾ ਪੱਥਰਾਂ ਚੌਂ ਅੱਜ ਵੀ' , ਹੈ ਮੇਰੇ ਆਬਸ਼ਾਰ ਵਗਦਾ ।

ਅਜ਼ਲਾਂ ਤੋਂ ਤੇਰੀ ਦੀਦ ਦੇ , ਰਹੇ ਨੈਣ ਨੇ ਪਿਆਸੇ ਮੇਰੇ ,
ਦੀਵਾ ਅਜੇ ਵੀ ਤੇਰੇ ਨਾਂ ਦਾ ,ਦਿਲ' ਦਹਿਲ਼ੀਜ਼' ਉੱਤੇ ਜਗਦਾ।

ਦਰਦ,ਪੀੜਾਂ,ਰਾਤਾਂ ਕਾਲੀਆਂ ਵੇ ,ਲਈਆਂ ਮੁੱਲ ਤੇਰੇ ਕੋਲੋਂ,
ਅਸੀਂ ਕਰ ਦਿੱਤਾ ਨਾਮ ਤੇਰੇ , ਸਦਾ ਸੂਰਜ ਏ ਦਗਦਾ ।

ਸੂਰਜ ਢਲਿਆ ਤੇ ਪਰਿੰਦੇ , ਮੁੜ ਗਏ ਘਰਾਂ ਨੂੰ ਆਪਣੇ ,
ਤੇਰੇ ਹਿਜ਼ਰ ਵਿੱਚ ਲੰਘਿਆ, ਕੱਲ ਵਾਂਗ ਦਿਨ ਅੱਜ ਦਾ ।

ਰਸਤਾ ਨਾ ਕਿਉਂ ਲੱਭਿਆ, ਤੈਨੂੰ ਦਿਲ ਚੋਂ ਬਾਹਰ ਜਾਣ ਦਾ,
ਵਾਕਿਫ਼ ਤਾਂ ਸੀ ਤੂੰ ਸੱਜਣਾ ਵੇ , ਜੈਲੀ ਦੀ ਰਗ ਰਗ ਦਾ ।।


 
Top