ਐ ਮੇਰੇ ਮਹਿਬੂਬ ਆ ਜਾ, ਯਾਦ ਤੇਰੀ ਆ ਰਹੀ

ਗਜ਼ਲ
ਐ ਮੇਰੇ ਮਹਿਬੂਬ ਆ ਜਾ, ਯਾਦ ਤੇਰੀ ਆ ਰਹੀ i
ਦਿਲ ਦੇ ਵਿਹੜੇ ਝਾਤ ਪਾ ਜਾ,ਯਾਦ ਤੇਰੀ ਆ ਰਹੀ i

ਸਬਰ ਦੀ ਦੀਵਾਰ ਮੇਰੀ,ਢਹਿ ਨਾ ਜਾਵੇ ਇਹ ਕਿਤੇ,
ਡਿਗ ਰਹੀ ਨੂੰ ਤੂੰ ਬਚਾ ਜਾ,ਯਾਦ ਤੇਰੀ ਆ ਰਹੀ i

ਤੂੰ ਬਣਾ ਮਦਹੋਸ਼ ਮੈਨੂੰ , ਜੋ ਰਹਾਂ ਮੈਂ ਝੂਮਦਾ,
ਮਸਤ ਨੈਣਾਂ ਚੋਂ ਪਿਲਾ ਜਾ, ਯਾਦ ਤੇਰੀ ਆ ਰਹੀ i

ਭੁੱਲ ਗਿਆ ਨੈਣਾਂ ਨੇ ਸੌਣਾ, ਜਾਗਦੇ ਬਸ ਦੀਦ ਨੂੰ,
ਚੰਨ ਜਿਹਾ ਮੁਖੜਾ ਵਿਖਾ ਜਾ ,ਯਾਦ ਤੇਰੀ ਆ ਰਹੀ i

ਉਮਰ ਦੀ ਹਰ ਰਾਤ ਕਾਲੀ,ਤੂੰ ਦਿਵਾਲੀ ਕਰ ਦਵੀਂ
ਨ੍ਹੇਰ ਦੇ ਪਰਦੇ ਜਲਾ ਜਾ, ਯਾਦ ਤੇਰੀ ਆ ਰਹੀ i

ਘੇਰ ਰੱਖਿਆ ਹਰ ਖੁਸ਼ੀ ਨੂੰ,ਫਿਰ ਗਮਾਂ ਦੀ ਭੀੜ ਨੇ,
ਆ ਕੇ ਇਹਨਾਂ ਨੂੰ ਛਡਾ ਜਾ ,ਯਾਦ ਤੇਰੀ ਆ ਰਹੀ i

ਹੌਕਿਆਂ ਤੇ ਹਿਚਕੀਆਂ ਨੇ, ਜਿੰਦਗੀ ਨੂੰ ਰੋਲਿਆ,
ਇਸ ਨੂੰ ਤੂੰ ਹੱਸਣਾ ਸਿਖਾ ਜਾ,ਯਾਦ ਤੇਰੀ ਆ ਰਹੀ i

ਆਸ ਦਾ ਦੀਪਕ ਜਗਾ ਕੇ, ਦਿਲ ਦੇ ਵਿਹੜੇ ਰੱਖ ਲਿਆ,
ਤੇਲ ਤੂੰ ਸੱਧਰਾਂ ਦਾ ਪਾ ਜਾ, ਯਾਦ ਤੇਰੀ ਆ ਰਹੀ i
ਆਰ.ਬੀ.ਸੋਹਲ
 
Top