ਤਮਾਸ਼ਾ ਵੇਖਣੈ ਅੱਗ ਦਾ,ਤੂੰ ਉਸ ਤੇ ਵਰ੍ਹ ਨਹੀਂ ਸਕਿਆ

ਗਜ਼ਲ
ਤਮਾਸ਼ਾ ਵੇਖਣੈ ਅੱਗ ਦਾ,ਤੂੰ ਉਸ ਤੇ ਵਰ੍ਹ ਨਹੀਂ ਸਕਿਆ i
ਖੁਰੇਦੇਂ ਰੋਜ ਜ਼ਖਮਾਂ ਨੂੰ,ਤੂੰ ਐਪਰ ਭਰ ਨਹੀਂ ਸਕਿਆ i

ਰਹੇਂ ਮਹਿਲਾਂ ‘ਚ ਹੁਣ ਭਾਵੇਂ,ਤੂੰ ਕੱਚੇ ਘਰ ਨੂੰ ਠੁਕਰਾ ਕੇ,
ਜੋ ਵੇਖੇ ਖ਼ਾਬ ਉਹ ਫਿਰ ਵੀ,ਤੂੰ ਪੂਰੇ ਕਰ ਨਹੀਂ ਸਕਿਆ i

ਲਗਾਇਆ ਦਿਲ ਦੀ ਧੜਕਣ ਨੂੰ,ਜਦੋਂ ਦਾ ਨਾਮ ਮੈਂ ਤੇਰੇ,
ਰਿਹਾ ਦੁਸ਼ਵਾਰ ਵੀ ਜੀਣਾ,ਤੇ ਚਾਹ ਕੇ ਮਰ ਨਹੀਂ ਸਕਿਆ i

ਰਿਹਾ ਹਿਜਰਾਂ ਦਾ ਹੀ ਨ੍ਹੇਰਾ,ਸਦਾ ਯਾਦਾਂ ਦੀ ਦਰਗਾਹ ਤੇ,
ਜਗਾ ਕੇ ਦੀਪ ਵਸਲਾਂ ਦਾ,ਤੂੰ ਇੱਕ ਵੀ ਧਰ ਨਹੀਂ ਸਕਿਆ i

ਸਮੁੰਦਰ ਪਿਆਰ ਦਾ ਮੇਰਾ,ਵਫ਼ਾ ਦੀ ਲਹਿਰ ਨੂੰ ਤਰਸੇ,
ਬਣੇ ਪਰ ਲਹਿਰ ਨਾ ਕੋਈ,ਜਦੋਂ ਤੂੰ ਤਰ ਨਹੀਂ ਸਕਿਆ i

ਦਿਲਾਂ ਨੂੰ ਹਾਰਨਾ ਪੈਂਦਾ, ਜੇ ਬਾਜ਼ੀ ਇਸ਼ਕ ਦੀ ਜਿੱਤਣੀ,
ਮੁਹੱਬਤ ਵਿਚ ਤੂੰ ਦਿਲ ਆਪਣਾ,ਕਦੇ ਵੀ ਹਰ ਨਹੀਂ ਸਕਿਆ i

ਕਰੇਂ ਤੂੰ ਕਤਲ ਵੀ ਹਾਸੇ, ਤੇ ਖੋਏਂ ਨੂਰ ਚਿਹਰੇ ਦਾ,
ਕਦੇ ਮੁਸਕਾਨ ਸੋਹਲ ਦੀ, ਤੂੰ ਇਕ ਪਲ ਜ਼ਰ ਨਹੀਂ ਸਕਿਆ i
ਆਰ.ਬੀ.ਸੋਹਲ
 
Top