ਆ ਗਿਆ ਸੱਜ ਕੇ ਗਜ਼ਲ ਦੇ ਵਾਂਗ ਉਹ ਮਹਿਫਲ ‘ਚ

ਗਜ਼ਲ
ਆ ਗਿਆ ਸੱਜ ਕੇ ਗਜ਼ਲ ਦੇ ਵਾਂਗ ਉਹ ਮਹਿਫਲ ‘ਚ i
ਹਰ ਦਿਲ ਤੇ ਉਹ ਜਨਾਬ ਨਸ਼ੇ ਵਾਂਗ ਛਾ ਗਿਆ i

ਸ਼ਰਮਾ ਕੇ ਨਜ਼ਰ ਨੂੰ ਤਾਂ ਝੁਕਾਉਂਦਾ ਰਿਹਾ ਹੈ ਉਹ,
ਪਰ ਟਿਕ ਗਈ ਹੈ ਜਿਸ ਤੇ ਉਹ ਹੋਸ਼ਾਂ ਭੁਲਾ ਗਿਆ i

ਜੀਓ ਤਾਂ ਜਿੰਦਗੀ ਨੂੰ ਸਦਾ ਪਿਆਰ ਵਾਸਤੇ,
ਮਹਿਰਮ ਦਿਲਾਂ ਦਾ ਬਣਕੇ ਉਹ ਜੀਣਾ ਸਿਖਾ ਗਿਆ i

ਸੱਧਰਾਂ ਦਾ ਤੇਲ ਪਾ ਕੇ ਜਗਾਉਂਦਾ ਹੈ ਦੀਪ ਉਹ,
ਸੋਚਾਂ ਚੋਂ ਨ੍ਹੇਰ ਕੱਢ਼ ਕੇ ਉਜ਼ਾਲਾ ਵਿਖਾ ਗਿਆ i

ਮਜਹਬਾਂ ਦੀ ਨਾ ਦੀਵਾਰ ਕਦੇ ਇਸ਼ਕ ਵਾਸਤੇ,
ਕਾਤਿਲ ਵਫ਼ਾ ਦਾ ਇਸ਼ਕ ਨੂੰ ਸੂਲੀ ਚੜਾ ਗਿਆ i

ਦਿਲ ਵਿਚ ਦਬਾ ਕੇ ਰੱਖ ਨਾ ਸਵਾਲਾਂ ਨੂੰ ਤੂੰ ਕਦੇ,
ਦੱਬਿਆ ਰਿਹਾ ਸਵਾਲ ਉਹ ਅਰਥਾਂ ਨੂੰ ਖਾ ਗਿਆ i

ਮੰਜਿਲ ਹੈ ਬਹੁਤ ਦੂਰ ਦਿਸ਼ਾ ਦਾ ਵੀ ਨਾ ਪਤਾ,
ਪਰ ਹਮਸਫਰ ਉਹ ਬਣਕੇ ਤਾਂ ਦੂਰੀ ਮਿਟਾ ਗਿਆ i

ਅਰਥੀ ਬਣੇ ਜਾਂ ਸੇਜ ਨਹੀਂ ਰੁੱਖ ਨੂੰ ਇਹ ਪਤਾ,
ਆਰੀ ਦੇ ਸਾਹਮਣੇ ਉਹ ਸਦਾ ਸਿਰ ਝੁਕਾ ਗਿਆ i
ਆਰ.ਬੀ.ਸੋਹਲ
 
Top