ਵੱਡੇ-ਵੱਡੇ ਸੁਪਨੇਂ

ਸੁਪਨੇਂ ਤਾਂ ਲੋਕੀਂ ਵੇਖਦੇ, ਹਰ ਰੋਜ਼ ਵੱਡੇ-ਵੱਡੇ ਨੇਂ
ਮੌਲਾ ਤਾਂ ਸੁਣਦਾ ਨੇੜਿਓਂ, ਜੇ ਰਜ਼ਾ ਤੇ ਡੋਰੇ ਛੱਡੇ ਨੇਂ

ਕੋਈ ਮੀਟ-ਸ਼ਰਾਬਾਂ ਫਿਰੇ ਕਢਦਾ ਘਰੋਂ
ਤੇ ਕਈ ਕਢਦੇ ਧਾਗੇ-ਤਵੀਤ ਬੜੇ
ਨਗ-ਮੁੰਦੀਆਂ ਤੋਂ ਛੁਡਾ ਖਹਿੜਾ
ਵਿੱਚ ਜਾ ਫਿਰ, ਮੜੀ-ਮਸੀਤ ਖੜੇ
ਲੱਗੇ ਕਤਾਰ ਚ' ਨੰਬਰ ਪਹਿਲ ਓਹਦਾ
ਜੀਹਨੇ ਮੈਂ ਤੇ ਮੇਰੀ ਕਢੇ ਨੇਂ

ਅਸੂਲ ਹੈ ਸੀ ਕੇ ਰੋਟੀ ਰਲ ਖਾਇਓ
ਜਬਰ-ਜੁਲਮ ਦੇ ਅੱਗੇ ਅੜ ਜਾਇਓ
ਸੁਖੀ-ਰਾਜ ਚ' ਨਾਂ ਕੋਈ ਸੌਂਵੇ ਭੁੱਖਾ
ਚੌਂ ਬੰਦੇ ਚਾਹੇ ਚੱਪਾ ਕਰ ਖਾਇਓ
ਸੰਸਥਾਵਾਂ ਚੱਲਣ ਓਹਦੀ ਝੋਕ ਅੰਦਰ
ਸਭ ਆਪੋ ਆਪਣੇ ਪੱਲੇ ਅੱਡੇ ਨੇਂ

ਮੁਸ਼ਕਿਲ ਵਿੱਚ ਸਦਾ ਜੋ ਨਾਲ ਖੜੇ
ਕੋਈ ਐਸਾ ਸਾਥ ਪੁਗਾਇਓ ਓਏ
ਧਰਮ ਉਜਾੜ ਭਰਮ ਵਿੱਚ ਵਾੜੇ ਜੋ
ਐਸੇ ਤੋਂ ਕੰਨੀ ਕਤਰਾਇਓ ਓਏ
ਵਿੱਚ ਆ ਗੱਲਾਂ ਨਾਂ ਡਿੱਗ ਜਾਣਾ
ਮੁੱਖ ਭਲਮਾਨਸੀਆਂ ਦੇ ਖੱਡੇ ਨੇਂ

ਕਰ ਵਿਖਾਵਾ ਕਿਸੇ ਕੀ ਲੈ ਜਾਣਾ
ਸਭ ਦਿਸਦਾ ਇਥੇ ਹੀ ਰਹਿ ਜਾਣਾ
ਵਿੱਚ ਉਡਦਾ ਫਿਰੇ ਅਸਮਾਨਾਂ ਜੋ
ਹੱਥ ਮਾਰ ਮੱਥੇ ਭੁੰਝੇ ਬਹਿ ਜਾਣਾ
ਮਾਫ਼ ਕਰਿਓ ਬੋਲ ਜੇ ਤਿੱਖੇ-ਉੱਚੇ
ਸੰਧੂ ਕੱਦ ਸੋਚਾਂ ਦੇ ਹਾਲੇ ਮਢਏ ਨੇਂ

ਸੁਪਨੇਂ ਤਾਂ ਲੋਕੀਂ ਵੇਖਦੇ, ਹਰ ਰੋਜ਼ ਵੱਡੇ-ਵੱਡੇ ਨੇਂ
ਮੌਲਾ ਤਾਂ ਸੁਣਦਾ ਨੇੜਿਓਂ, ਜੇ ਰਜ਼ਾ ਤੇ ਡੋਰੇ ਛੱਡੇ ਨੇਂ


Gurjant Singh
 
Top